''ਜਗ ਬਾਣੀ'' ਦੀ ਕੋਸ਼ਿਸ਼ ਲਿਆਈ ਰੰਗ, ਛੇ ਮਾਰਗੀ ਪ੍ਰੋਜੈਕਟ ਲਈ ਹਾਈਵੇ ਅਥਾਰਟੀ ਮਨਜ਼ੂਰ

02/14/2018 4:35:45 AM

ਕਰਤਾਰਪੁਰ, (ਸਾਹਨੀ)- ਕਰਤਾਰਪੁਰ ਲਈ ਨੈਸ਼ਨਲ ਹਾਈਵੇ ਤੋਂ ਸਰਵਿਸ ਲਾਈਨ ਲਈ ਐਂਟਰੀ ਦੀ ਮੰਗ ਨੂੰ ਜਗ ਬਾਣੀ ਅਖਬਾਰ ਵਲੋਂ ਪ੍ਰਮੁੱਖਤਾ ਨਾਲ ਚੁੱਕੇ ਜਾਣ ਤੋਂ ਬਾਅਦ ਇਲਾਕੇ ਦੇ ਪਤਵੰਤਿਆਂ ਵਲੋਂ ਇਸ ਮੁੱਦੇ 'ਤੇ ਛੇੜੇ ਗਏ ਸੰਘਰਸ਼ ਦੌਰਾਨ ਬੀਤੇ ਦਿਨ ਪੁਲ ਅਤੇ ਸੜਕ ਦਾ ਨਿਰਮਾਣ ਕਾਰਜ ਬੰਦ ਕਰਵਾਉਣ ਤੋਂ ਬਾਅਦ ਅੱਜ ਹਾਈਵੇ ਅਥਾਰਟੀ ਨੇ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਜਾਇਜ਼ ਅਤੇ ਜ਼ਰੂਰੀ ਮੰਨਦੇ ਹੋਏ 50 ਮੀਟਰ ਦਾ ਹਾਈਵੇ ਤੋਂ ਜਲੰਧਰ ਵਲੋਂ ਕਰਤਾਰਪੁਰ ਨੂੰ ਆਉਂਦੇ ਸਮੇਂ ਕੱਟ ਦੇਣ 'ਤੇ ਸਹਿਮਤ ਜਤਾਈ ਹੈ ਅਤੇ ਇਸ ਕਾਰਵਾਈ ਨੂੰ ਮੌਕੇ 'ਤੇ ਹੀ ਅਮਲੀ ਜਾਮਾ ਪਹਿਨਾਉਂਦੇ ਹੋਏ ਪ੍ਰਾਜੈਕਟ ਦੇ ਡਿਪਟੀ ਮੈਨੇਜਰ ਜਤਿੰਦਰ ਸਿੰਘ ਦੇ ਹੁਕਮਾਂ 'ਤੇ ਸੜਕ 'ਤੇ ਬਣਾਈ ਪਟੜੀ ਤੋੜ ਕੇ ਰਸਤਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਦੂਸਰੇ ਪਾਸੇ ਜੰਗੇ ਆਜ਼ਾਦੀ ਵੱਲ ਵੀ ਅੰਮ੍ਰਿਤਸਰ ਤੋਂ ਆਉਂਦੇ ਹੋਏ ਰਸਤਾ ਦੇਣ ਦਾ ਵਾਅਦਾ ਕੀਤਾ ਗਿਆ।

ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਆਉਂਦੇ ਹੋਏ ਪੁਲ ਤੋਂ ਪਹਿਲਾਂ ਕਰੀਬ 100 ਮੀਟਰ ਪਿੱਛੇ ਕਰਤਾਰਪੁਰ ਲਈ ਇਕ ਹੋਰ ਕੱਟ ਸਰਵਿਸ ਲਾਇਨ ਲਈ ਦਿੱਤਾ ਜਾਵੇਗਾ। ਇਹ ਵਾਅਦੇ ਕਰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਕਰੀਬ 2 ਤੋਂ 3 ਮਹੀਨੇ ਤੱਕ ਦਾ ਸਮਾਂ ਲੱਗੇਗਾ, ਜਿਸ ਲਈ ਪ੍ਰਾਜੈਕਟ ਡਾਇਰੈਕਟਰ ਪੀ. ਕੇ. ਜੈਨ ਵਲੋਂ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਅੱਜ ਹਾਈਵੇ ਅਥਾਰਟੀ ਦੇ ਪੀ. ਡੀ. ਕਰਨਲ ਪੀ. ਕੇ. ਜੈਨ ਨੇ ਜਤਿੰਦਰ ਸਿੰਘ ਡਿਪਟੀ ਜਨਰਲ ਮੈਨੇਜਰ, ਵੀ. ਕੇ. ਸਿੰਘ ਟੀਮ ਲੀਡਰ ਬ੍ਰਿਜ ਕੁਮਾਰ ਸਿੰਘ ਹਾਈਵੇ ਇੰਜੀਨੀਅਰ ਨੂੰ ਮੌਕੇ 'ਤੇ ਲੋਕਾਂ ਨਾਲ ਗੱਲਬਾਤ ਕਰਨ ਲਈ ਸ਼ਾਮ 4 ਵਜੇ ਭੇਜਿਆ ਅਤੇ ਲੋਕਾਂ ਦੀ ਜ਼ਰੂਰਤ ਅਨੁਸਾਰ ਉਪਰੋਕਤ ਕੱਟ ਦੇਣ 'ਤੇ ਸਹਿਮਤੀ ਪ੍ਰਗਟਾਈ। 

ਕੱਟ ਮਿਲਣ ਤੋਂ ਬਾਅਦ ਮੌਕੇ 'ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ, ਕੌਂਸਲਰ ਪ੍ਰਿੰਸ ਅਰੋੜਾ ਕਾਂਗਰਸ ਦੇ ਸਿਟੀ ਪ੍ਰਧਾਨ ਵੇਦ ਪ੍ਰਕਾਸ਼, ਰਾਜ ਕੁਮਾਰ ਅਰੋੜਾ, ਭਾਕਿਯੂ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਲਿੱਟਾ, ਬਹਾਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਇਹ ਕੱਟ ਨਾ ਹੋਣ ਬਾਰੇ ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਜਾਣਕਾਰੀ ਦੇ ਕੇ ਜਗ ਬਾਣੀ ਨੇ ਸਮਾਜ ਪ੍ਰਤੀ ਆਪਣਾ ਵੱਡਾ ਫਰਜ਼ ਪੂਰਾ ਕੀਤਾ ਹੈ, ਜਿਸ ਤੋਂ ਜਾਣੂ ਹੋ ਕੇ ਅਸੀਂ ਇਹ ਰਸਤਾ ਲੈਣ ਵਿਚ ਕਾਮਯਾਬ ਹੋ ਸਕੇ ਹਾਂ। ਉਨ੍ਹਾਂ ਹਾਈਵੇ ਅਖਾਰਟੀ ਦੇ ਪ੍ਰੋਡਕਸ਼ਨ ਡਾਇਰੈਕਟਰ ਕਰਨਲ ਪੀ. ਕੇ. ਜੈਨ ਅਤੇ ਉਨ੍ਹਾਂ ਦੀ ਪੁੱਜੀ ਟੀਮ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਸ਼ਹਿਰ ਵਾਸੀਆਂ ਦੀ ਮੰਗ ਨੂੰ ਜਾਇਜ਼ ਮੰਨਦਿਆਂ ਇਸ ਰਸਤੇ ਨੂੰ ਪ੍ਰਵਾਨਗੀ ਦਿਵਾਈ ਹੈ। ਇਸ ਮੌਕੇ ਕੌਂਸਲਰ ਪ੍ਰਦੀਪ ਅਗਰਵਾਲ, ਸੇਵਾ ਸਿੰਘ, ਤੇਜਪਾਲ ਤੇਜੀ, ਮਨਜੀਤ ਸਿੰਘ, ਜਗਦੀਸ਼ ਲਾਲ ਜੱਗਾ, ਗੁਰਦੀਪ ਸਿੰਘ ਮਿੰਟੂ, ਬ੍ਰਿਜ ਮੋਹਨ ਕਪੂਰ, ਰਕੇਸ਼ ਅਰੋੜਾ, ਸੁਰਿੰਦਰ ਆਨੰਦ, ਨਾਥੀ ਸਨੋਤਰਾ, ਬਲਬੀਰ ਸਿੰਘ ਰਾਣਾ, ਰਜਿੰਦਰ ਕਾਲੀਆ, ਗੋਪਾਲ ਸੂਦ, ਕਾਲਾ ਸੇਠ, ਮੁਨੀਸ਼ ਸਿੰਗਲ, ਮੋਹਿਤ ਕਾਲੀ ਸਭਰਵਾਲ, ਸਰਵਨ ਸਿੰਘ ਸੁਦਰਸ਼ਨ ਓਹਰੀ, ਭੀਮਸੇਨ ਜਗੋਤਾ, ਦੀਪਕ ਅਗਰਵਾਲ ਅਤੇ ਹੋਰ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਸਨ।