ਇਨਸਾਫ ਨਾ ਮਿਲਿਆ ਤਾਂ ਹਾਈ ਕੋਰਟ ਦੀ ਸ਼ਰਨ ''ਚ ਜਾਵਾਂਗੇ : ਮਾਪੇ

12/18/2019 2:32:00 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੇ ਦਿਨੀਂ ਸਕੂਲੀ ਬੱਚੀ ਦੇ ਰੇਪ ਮਾਮਲੇ ਕਾਰਨ ਬਾਕੀ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸਕੂਲ ਮੈਨੇਜਮੈਂਟ ਵਿਰੁੱਧ ਮਾਮਲਾ ਦਰਜ ਕਰਨ ਅਤੇ ਸਕੂਲ ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਲਗਾਤਾਰ 7 ਘੰਟੇ ਜਾਮ ਕੀਤਾ ਗਿਆ ਸੀ। ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਬੇਨਤੀ ਨੂੰ ਮੁੱਖ ਰੱਖਦਿਆਂ ਇਹ ਧਰਨਾ ਜੀ. ਟੀ. ਰੋਡ ਤੋਂ ਚੁੱਕ ਕੇ ਸਕੂਲ ਮੂਹਰੇ ਕਰ ਦਿੱਤਾ ਗਿਆ ਸੀ। ਦੇਰ ਸ਼ਾਮ ਤੱਕ ਧਰਨੇ ਨੂੰ ਚੁੱਕ ਲਿਆ ਗਿਆ ਪਰ ਦੂਸਰੇ ਦਿਨ ਫਿਰ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਸਹਿਯੋਗੀਆਂ ਵੱਲੋਂ ਧਰਨਾ ਜਾਰੀ ਰੱਖਿਆ ਗਿਆ।

ਧਰਨੇ 'ਚ ਬਲਦੇਵ ਸਿੰਘ ਸਿਰਸਾ, ਕਾਮਰੇਡ ਅਮਰੀਕ ਸਿੰਘ ਦਾਊਦ, ਨੀਲਮ ਘੁਮਾਣ ਜਨਰਲ ਸਕੱਤਰ ਜਨਵਾਦੀ ਇਸਤਰੀ ਸਭਾ, ਹਰਿੰਦਰ ਬੁਟਾਰੀ ਮੈਂਬਰ ਆਦਿ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਲਕੇ ਦੀ ਲੀਡਰਸ਼ਿਪ ਦੀ ਚੁੱਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਲੋਂ ਕੋਈ ਹਮਾਇਤ ਜਾਂ ਸਹਿਯੋਗ ਨਾ ਦਿੱਤੇ ਜਾਣ 'ਤੇ ਜ਼ਾਹਿਰ ਹੈ ਕਿ ਉਨ੍ਹਾਂ ਦੀ ਪੀੜਤ ਬੱਚੀ ਨਾਲ ਕੋਈ ਹਮਦਰਦੀ ਨਹੀਂ ਹੈ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਅਜਿਹੇ ਲੀਡਰਾਂ ਨੂੰ ਸਬਕ ਸਿਖਾਉਣਗੇ।

ਇਨਸਾਫ ਲਈ ਮਾਣਯੋਗ ਹਾਈ ਕੋਰਟ ਦੀ ਸ਼ਰਨ 'ਚ ਜਾਵਾਂਗੇ
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਿਆਸਤ ਸਕੂਲ ਮੈਨੇਜਮੈਂਟ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਉਨ੍ਹਾਂ ਨੂੰ ਬਚਾਉਣ ਦਾ ਹਰ ਹੀਲਾ ਅਪਣਾ ਰਹੀ ਹੈ। ਪਾਵਰਕਾਮ ਦੇ ਇਕ ਅਧਿਕਾਰੀ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਅਤੇ ਪੁਲਸ ਦੇ ਮਾੜੇ ਵਤੀਰੇ ਪ੍ਰਤੀ ਵੀ ਲੋਕਾਂ 'ਚ ਰੋਸ ਪਾਇਆ ਗਿਆ। ਇਕੱਤਰ ਲੋਕਾਂ ਨੇ ਮੀਡੀਆ ਦਾ ਸਾਥ ਦੇਣ 'ਤੇ ਉਸ ਦੀ ਪ੍ਰਸ਼ੰਸਾ ਕੀਤੀ। ਅਖੀਰ 'ਚ ਬੁਲਾਰਿਆਂ ਨੇ ਮੰਗ ਕੀਤੀ ਕਿ ਸਕੂਲ ਮੈਨੇਜਮੈਂਟ ਵਿਰੁੱਧ ਪੋਸਕੋ ਐਕਟ, ਜੁਵੇਨਾਈਲ ਐਕਟ 75/2015 ਅਤੇ ਜ਼ੇਰੇ ਦਫਾ 201 ਅਧੀਨ ਮਾਮਲਾ ਦਰਜ ਕੀਤਾ ਜਾਵੇ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਇਨਸਾਫ ਲੈਣ ਲਈ ਮਾਣਯੋਗ ਹਾਈ ਕੋਰਟ ਦੀ ਸ਼ਰਨ 'ਚ ਜਾਣਗੇ।

ਧਰਨਾਕਾਰੀਆਂ ਵਿਰੁੱਧ  ਮੁਕੱਦਮਾ ਦਰਜ ਕਰਨ ਦੀ ਤਿਆਰੀ
ਉਧਰ ਬੀਤੇ ਕੱਲ ਇਕ ਨਿੱਜੀ ਸਕੂਲ 'ਚ ਵਾਪਰੇ ਰੇਪ ਕਾਂਡ ਤੋਂ ਬਾਅਦ ਸਕੂਲੀ ਬੱਚਿਆਂ ਦੇ ਮਾਪਿਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਇਨਸਾਫ ਲੈਣ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੁੰਦਿਆਂ ਦੇਖ ਕੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ 7 ਘੰਟੇ ਤੱਕ ਬੰਦ ਕਰ ਦਿੱਤਾ ਗਿਆ ਸੀ। ਗੁਪਤ ਸੂਤਰਾਂ ਅਨੁਸਾਰ ਹਾਈ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅਜਿਹੇ ਧਰਨਾਕਾਰੀਆਂ ਜਿਨ੍ਹਾਂ ਦੀ ਗਿਣਤੀ 25 ਤੋਂ 30 ਦੇ ਦਰਮਿਆਨ ਦੱਸੀ ਜਾਂਦੀ ਹੈ, ਖਿਲਾਫ਼ ਪੁਲਸ ਵੱਲੋਂ ਸੰਭਾਵੀ ਤੌਰ 'ਤੇ ਮੁਕੱਦਮਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਕੋਰਟ ਨੇ ਕੀਤਾ ਤਲਬ
ਇਸੇ ਦੌਰਾਨ ਜੁਵੇਨਾਈਲ ਕੋਰਟ ਅਪਰਾਜਿਤਾ ਜੋਸ਼ੀ ਨੇ ਸਕੂਲ ਨੂੰ ਨੋਟਿਸ ਜਾਰੀ ਕਰਦਿਆਂ ਸਕੂਲ ਪ੍ਰਬੰਧਕਾਂ ਅਤੇ ਕਥਿਤ ਜਬਰ-ਜ਼ਨਾਹ ਦੇ ਦੋਸ਼ੀ ਨੂੰ ਆਪਣਾ ਪੱਖ ਰੱਖਣ ਲਈ 21 ਦਸੰਬਰ ਨੂੰ ਤਲਬ ਕੀਤਾ ਹੈ, ਜਿਸ ਵਿਚ ਲੜਕੇ ਦੇ ਘਰੇਲੂ ਹਾਲਾਤ ਦੀ ਸਥਿਤੀ ਨੂੰ ਵੀ ਜਾਣਿਆ ਜਾਵੇਗਾ।

ਸਕੂਲ ਮੈਨੇਜਮੈਂਟ ਵੱਲੋਂ ਮੰਗਾਂ ਸਵੀਕਾਰ
ਇਸੇ ਦੌਰਾਨ ਅੱਜ ਕੁਝ ਸਕੂਲੀ ਬੱਚਿਆਂ ਦੇ ਮਾਪਿਆਂ ਜਿਨ੍ਹਾਂ 'ਚ ਸਰਪੰਚ ਰਵੀ ਚੀਮਾ, ਨਵ ਪੱਡਾ ਤੇ ਕੁਲਵੰਤ ਸਿੰਘ ਰੰਧਾਵਾ ਸਮੇਤ ਹੋਰ ਵੀ ਕਈ ਮਾਪਿਆਂ ਨੇ ਸਾਂਝੇ ਤੌਰ 'ਤੇ 17 ਮੰਗਾਂ ਵਾਲਾ ਇਕ ਮੰਗ-ਪੱਤਰ ਸਕੂਲ ਮੈਨੇਜਮੈਂਟ ਨੂੰ ਦਿੱਤਾ, ਜਿਸ ਵਿਚ ਭਵਿੱਖ 'ਚ ਸਕੂਲ ਦੀ ਸਕਿਓਰਿਟੀ ਤੇ ਹੋਰ ਲੋੜੀਂਦੇ ਪ੍ਰਬੰਧ ਕਰਨਾ ਸ਼ਾਮਿਲ ਹੈ, ਆਦਿ ਮੰਗਾਂ ਸਕੂਲ ਮੈਨੇਜਮੈਂਟ ਵੱਲੋਂ ਪ੍ਰਵਾਨ ਕਰ ਲਈਆਂ ਗਈਆਂ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਫਾਦਰ ਨੇ ਕਿਹਾ ਕਿ ਸਕੂਲ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਪੁਲਸ ਕੋਲ ਜਾਂਚ ਲਈ ਗਈ ਹੈ, ਜੇਕਰ ਕੋਈ ਅਣਗਹਿਲੀ ਸਾਬਤ ਹੋ ਗਈ ਤਾਂ ਹਰ ਸਜ਼ਾ ਭੁਗਤਣ ਦਾ ਹੱਕਦਾਰ ਹੋਵਾਂਗਾ। ਉਨ੍ਹਾਂ ਕਿਹਾ ਕਿ ਇਹ ਸਕੂਲ 19 ਦਸੰਬਰ ਤੋਂ ਆਮ ਵਾਂਗ ਖੁੱਲ੍ਹ ਰਿਹਾ ਹੈ, ਜਦਕਿ ਸਿੱਟ ਦੀ ਜਾਂਚ ਜਾਰੀ ਰਹੇਗੀ। ਉਨ੍ਹਾਂ ਸਭ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ : ਡਿੰਪਾ
ਇਸ ਮੰਦਭਾਗੀ ਘਟਨਾ ਤੋਂ ਬਾਅਦ ਹਲਕੇ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਕਥਿਤ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਪੀੜਤ ਪਰਿਵਾਰ ਦੇ ਨਾਲ ਹਾਂ।

Anuradha

This news is Content Editor Anuradha