ਇਕ ਮਹੀਨੇ ''ਚ 2 ਲੱਖ ਰੁਪਏ ਦੀ ਹੈਰੋਇਨ ਪੀ ਜਾਂਦਾ ਸੀ ਏ. ਟੀ. ਐੱਮ. ਲੁਟੇਰਾ ਗਿਰੋਹ

10/21/2017 5:50:35 AM

ਕਪੂਰਥਲਾ, (ਭੂਸ਼ਣ)- ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਏ. ਟੀ. ਐੱਮ. ਤੋੜਨ ਦੀਆਂ 22 ਵਾਰਦਾਤਾਂ ਨੂੰ ਅੰਜਾਮ ਦੇ ਕੇ 78 ਲੱਖ ਰੁਪਏ ਦੀ ਰਕਮ ਲੁੱਟਣ ਵਾਲੇ ਲੁਟੇਰਾ ਗੈਂਗ ਦੇ ਗ੍ਰਿਫਤਾਰ ਪੰਜਾਂ ਮੈਂਬਰਾਂ ਨੇ ਪੁਲਸ ਰਿਮਾਂਡ ਦੇ ਦੌਰਾਨ ਜ਼ਿਲਾ ਪੁਲਸ ਸਾਹਮਣੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਜਿਸਦੇ ਆਧਾਰ 'ਤੇ ਪੁਲਸ ਟੀਮਾਂ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 14 ਅਕਤੂਬਰ ਦੀ ਰਾਤ ਫਿਰੋਜ਼ਪੁਰ ਜ਼ਿਲੇ 'ਚ ਇਕ ਬੈਂਕ ਏ. ਟੀ. ਐੱਮ. ਨੂੰ ਤੋੜ ਕੇ ਲੁੱਟੀ ਗਈ ਕਰੀਬ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। 
ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਏ. ਟੀ. ਐੱਮ. ਤੋੜਨ ਦੀ ਇਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ, ਜਿਸਦੇ ਆਧਾਰ 'ਤੇ ਹੁਣ ਤਕ ਦੀ ਪੁੱਛਗਿਛ 'ਚ ਮੁਲਜ਼ਮਾਂ ਵਲੋਂ ਕੁੱਲ 23 ਏ. ਟੀ. ਐੱਮ. ਲੁੱਟਣ ਦਾ ਖੁਲਾਸਾ ਹੋ ਗਿਆ ਹੈ।   
ਮੋਗਾ ਦੇ ਪਿੰਡ ਦੋਲੋਵਾਲ ਤੋਂ ਖਰੀਦਦੇ ਸਨ ਹੈਰੋਇਨ
ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਪੁਲਸ ਸਾਹਮਣੇ ਖੁਲਾਸਾ ਕੀਤਾ ਕਿ ਉਹ ਹਰ ਰੋਜ਼ 6 ਹਜ਼ਾਰ ਰੁਪਏ ਤੋਂ ਲੈ ਕੇ 7 ਹਜ਼ਾਰ ਰੁਪਏ ਦੀ ਹੈਰੋਇਨ ਪੀ ਜਾਂਦੇ ਸਨ। ਉਹ ਹੈਰੋਇਨ ਖਰੀਦਣ ਲਈ ਜ਼ਿਲਾ ਮੋਗੇ ਦੇ ਡਰੱਗ ਪ੍ਰਭਾਵਿਤ ਪਿੰਡ ਦੋਲੋਵਾਲ 'ਚ ਜਾਂਦੇ ਸਨ, ਜਿੱਥੇ ਉਹ ਆਪਣੇ ਖਾਸ ਡਰੱਗ ਸਮੱਗਲਰਾਂ ਤੋਂ ਹੈਰੋਇਨ ਖਰੀਦਦੇ ਸਨ।  ਮੁਲਜ਼ਮਾਂ ਤੋਂ ਬਰਾਮਦ 5 ਹਜ਼ਾਰ ਨਸ਼ੀਲੀਆਂ ਗੋਲੀਆਂ ਵੀ ਉਨ੍ਹਾਂ ਨੇ ਪਿੰਡ ਦੋਲੋਵਾਲ ਤੋਂ ਖਰੀਦੀਆਂ ਸਨ । ਜਿਸਦੇ ਆਧਾਰ 'ਤੇ ਹੁਣ ਫੱਤੂਢੀਂਗਾ ਪੁਲਸ ਹੈਰੋਇਨ ਤੇ ਡਰੱਗ ਸਪਲਾਈ ਕਰਨ ਵਾਲੇ ਸਮੱਗਲਰਾਂ ਦੀ ਤਲਾਸ਼ 'ਚ ਜੁੱਟ ਗਈ ਹੈ। ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਉਹ ਏ. ਟੀ. ਐੱਮ. ਲੁੱਟਣ ਦੇ ਬਾਅਦ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ 'ਚ ਜਿਥੇ ਐਸ਼ ਕਰਦੇ ਸਨ, ਉਥੇ ਹੀ ਹਿਮਾਚਲ ਦੇ ਕਈ ਖੇਤਰਾਂ 'ਚ ਏ. ਟੀ. ਐੱਮ. ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।  
ਹੋਰ ਕਈ ਖੁਲਾਸੇ ਹੋਣੇ ਬਾਕੀ : ਐੱਸ. ਐੱਸ. ਪੀ.
ਇਸ ਸੰਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਏ. ਟੀ. ਐੱਮ. ਲੁਟੇਰਾ ਗੈਂਗ ਵਲੋਂ ਸਨਸਨੀਖੇਜ਼ ਖੁਲਾਸੇ ਕਰਨ ਦਾ ਦੌਰ ਲਗਾਤਾਰ ਜਾਰੀ ਹੈ। ਆਉਣ ਵਾਲੇ ਦਿਨਾਂ 'ਚ ਇਸ ਗੈਂਗ ਤਂੋ ਹੋਰ ਵੀ ਕਈ ਖੁਲਾਸੇ ਕਰਨਾ ਨਿਸ਼ਚਿਤ ਹੈ ।