ਵਿਜ਼ਿਟਰ ਵੀਜ਼ੇ ’ਤੇ ਭਾਰਤ ਆਈ ਨਾਈਜ਼ੀਰੀਅਨ ਸ਼ੌਫਾ ਸਾਥੀ ਸਮੇਤ ਹੈਰੋਇਨ ਦੀ ਕਰ ਰਹੀ ਸੀ ਸਮੱਗਲਿੰਗ, ਕਾਬੂ

08/12/2018 6:20:32 AM

ਜਲੰਧਰ,  (ਕਮਲੇਸ਼)—  ਜਲੰਧਰ ਦਿਹਾਤੀ ਪੁਲਸ ਨੇ  ਨਾਈਜ਼ੀਰੀਅਾ ਦੀ ਰਹਿਣ ਵਾਲੀ ਸ਼ੌਫਾ ਨੂੰ ਉਸਦੇ  ਇਕ ਸਾਥੀ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੋਵਾਂ ਕੋਲੋਂ 570 ਗਰਾਮ ਹੈਰੋਇਨ ਬਰਾਮਦ  ਕੀਤੀ ਹੈ।  ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਕਿਹਾ ਕਿ ਦਿਹਾਤੀ ਮਕਸੂਦਾਂ ਪੁਲਸ ਨੇ ਬਿਧੀਪੁਰ ਨੇੜੇ ਲਾਏ ਨਾਕੇ ਦੌਰਾਨ ਇਕ  ਵਿਅਕਤੀ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਉਸ ਕੋਲੋਂ  70 ਗ੍ਰਾਮ ਹੈਰੋਇਨ  ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਅਮਿਤ ਕੁਮਾਰ ਉਰਫ ਕਾਕਾ ਵਾਸੀ ਮੁਹੱਲਾ ਕਰਾਰ  ਖਾਂ ਜਲੰਧਰ ਵਜੋਂ ਹੋਈ। ਪੁਲਸ ਦੀ ਪੁੱਛਗਿੱਛ ਦੌਰਾਨ ਅਮਿਤ ਨੇ ਦੱਸਿਆ ਕਿ ਉਸ  ਨੂੰ ਦਿੱਲੀ  ਵਿਚ ਰਹਿਣ ਵਾਲੀ ਇਕ ਨਾਈਜੀਰੀਅਨ ਔਰਤ ਹੈਰੋਇਨ ਦੀ ਡਲਿਵਰੀ ਕਰਦੀ ਹੈ। ਉਹ ਇਸਨੂੰ ਅੱਗੋਂ  ਸਪਲਾਈ ਕਰਦਾ ਹੈ। ਪੁਲਸ ਨੇ ਦੁਬਾਰਾ ਟਰੈਪ ਲਾਇਆ ਅਤੇ ਦਿੱਲੀ ਤੋਂ ਜਲੰਧਰ ਹੈਰੋਇਨ ਦੇਣ  ਆ ਰਹੀ ਨਾਈਜੀਰੀਅਨ ਔਰਤ ਸ਼ੌਫਾ ਹਾਰੂਨਾ ਨੂੰ ਹਰਿਆਣਾ ਦੇ ਮੁਰਥਲ ਤੋਂ ਕਾਬੂ ਕਰ ਲਿਆ। ਉਸ   ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। 
ਪੁਲਸ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ  ਕਿ ਸ਼ੌਫਾ ਅਤੇ ਅਮਿਤ ਦੀ  ਜਾਣ-ਪਛਾਣ ਸੋਹਣ ਲਾਲ ਉਰਫ ਕਾਲਾ ਨਾਮੀ ਵਿਅਕਤੀ ਨੇ ਕੀਤੀ ਸੀ।  ਕਾਲਾ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ਹੇਠ ਅੱਜ ਕਲ ਕਪੂਰਥਲਾ ਦੀ ਜੇਲ ਵਿਚ ਸਜ਼ਾ ਕੱਟ ਰਿਹਾ  ਹੈ। ਇਹ ਵੀ ਪਤਾ ਲੱਗਾ ਹੈ ਕਿ ਹੈਰੋਇਨ ਦੀ ਸਮੱਗਲਿੰਗ ਦੇ ਕਾਰੋਬਾਰ ਵਿਚ ਸੋਹਣ ਲਾਲ ਉਰਫ  ਕਾਲਾ ਦਾ ਵੀ ਹਿੱਸਾ ਸੀ। ਉਹ ਜੇਲ ਵਿਚ ਬੈਠ ਕੇ ਵੀ ਹੈਰੋਇਨ ਦੀ ਸਮੱਗਲਿੰਗ ਦਾ ਸਾਰਾ  ਨੈੱਟਵਰਕ ਚਲਾ ਰਿਹਾ ਸੀ। ਪੁਲਸ ਜਲਦੀ ਹੀ ਸੋਹਣ ਲਾਲ ਨੂੰ ਵੀ ਇਸ ਕੇਸ ਵਿਚ ਪੁੱਛਗਿੱਛ ਲਈ  ਪ੍ਰੋਡਕਸ਼ਨ ਵਾਰੰਟ ’ਤੇ ਲਿਆਏਗੀ।
ਦਿੱਲੀ ਪੁਲਸ ਨਾਲ ਵੀ ਜਾਣਕਾਰੀ ਸਾਂਝੀ ਕਰ ਰਹੀ ਹੈ ਦਿਹਾਤੀ ਪੁਲਸ
ਐੱਸ.  ਐੱਸ. ਪੀ. ਮਾਹਲ ਨੇ ਦੱਸਿਆ ਕਿ ਦਿੱਲੀ ਵਿਚ ਰਹਿ ਰਹੇ ਜਿਹੜੇ ਸਮੱਗਲਰ ਦਿਹਾਤੀ  ਪੁਲਸ ਨੇ ਕਾਬੂ ਕੀਤੇ ਹਨ, ਉਨ੍ਹਾਂ ਦੀ ਬਾਕਾਇਦਾ ਜਾਣਕਾਰੀ ਦਿੱਲੀ ਪੁਲਸ ਨਾਲ ਸਾਂਝੀ  ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਮੱਗਲਰ ਦੇ ਸਾਰੇ ਨੈੱਟਵਰਕ ਤੋੜੇ ਜਾ ਸਕਣ। ਫੜੇ ਗਏ  ਸਮੱਗਲਰਾਂ ਦੇ ਸਾਥੀ ਅਜੇ ਵੀ ਸਰਗਰਮ ਹਨ। 
ਪੰਜਾਬ ਦੀ ਸਰਹੱਦ ਸੀਲ ਹੋਣ ਕਾਰਨ ਦਿੱਲੀ ਤੋਂ ਆ ਰਹੀ ਹੈ ਹੈਰੋਇਨ
ਮਾਹਲ  ਨੇ ਦੱਸਿਆ ਕਿ ਪੰਜਾਬ ਦਾ ਬਾਰਡਰ ਪੂਰੀ ਤਰ੍ਹਾਂ ਸੀਲ ਹੈ ਅਤੇ ਉਥੋਂ ਹੈਰੋਇਨ ਦੀ  ਸਮੱਗਲਿੰਗ ਬੰਦ ਹੋ ਗਈ ਹੈ। ਇਸ ਕਾਰਨ ਸਮੱਗਲਰਾਂ ਨੇ ਦਿੱਲੀ ਨੂੰ ਹੈਰੋਇਨ ਦੀ ਸਮੱਗਲਿੰਗ  ਦਾ ਟਿਕਾਣਾ ਬਣਾ ਲਿਆ ਹੈ।
5 ਕਿਲੋ 200 ਗ੍ਰਾਮ ਅਫੀਮ ਸਮੇਤ 2 ਕਾਬੂ
ਐੱਸ.ਐੱਸ.  ਪੀ. ਨੇ ਦੱਸਿਆ ਕਿ ਸੀ. ਆਈ. ਏ. ਸਟਾਫ  1 ਦੇ ਇੰਚਾਰਜ ਹਰਿੰਦਰ ਸਿੰਘ ਨੂੰ ਗੁਪਤ ਸੂਚਨਾ  ਮਿਲੀ ਸੀ ਕਿ ਜਿਸ ਅਧੀਨ ਪੁਲਸ ਦੀ ਇਕ ਟੀਮ ਨੇ ਕੁਲਦੀਪ ਸਿੰਘ ਉਰਫ ਬਾਬਾ ਵਾਸੀ ਲੁਧਿਆਣਾ  ਅਤੇ ਰਾਮ ਬਹਾਦਰ ਵਾਸੀ ਯੂ. ਪੀ. ਨੂੰ 5 ਕਿਲੋ 200 ਗ੍ਰਾਮ ਅਫੀਮ ਅਤੇ ਸਵਿਫਟ ਕਾਰ ਸਮੇਤ  ਕਾਬੂ ਕੀਤਾ। 
ਗੁਪਤ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਵਿਪਨ ਕੁਮਾਰ ਨੇ ਪੁਲਸ ਪਾਰਟੀ  ਨਾਲ ਚੱਕ ਕਲਾਂ ਨੇੜੇ ਨਾਕਾ ਲਾਇਆ ਹੋਇਆ ਸੀ। 
ਸ਼ੱਕ ਦੇ ਆਧਾਰ ’ਤੇ ਜਦੋਂ ਇਕ ਸਵਿਫਟ ਕਾਰ  ਨੂੰ ਰੋਕਿਆ ਗਿਆ ਤਾਂ ਤਲਾਸ਼ੀ ਲੈਣ ’ਤੇ ਕਾਰ ਵਿਚੋਂ 5 ਕਿਲੋ 200 ਗ੍ਰਾਮ ਅਫੀਮ ਬਰਾਮਦ  ਹੋਈ। 
ਪੁੱਛਗਿੱਛ ਦੌਰਾਨ ਰਾਮ ਬਹਾਦਰ ਨੇ ਦੱਸਿਆ ਕਿ ਉਹ ਝਾਰਖੰਡ ਤੋਂ ਅਫੀਮ ਲੈ ਕੇ  ਆਉਂਦਾ ਸੀ ਅਤੇ ਆਪਣੇ ਸਾਥੀ ਕੁਲਦੀਪ ਦੀ ਮਦਦ ਨਾਲ ਪਿੰਡਾਂ ਵਿਚ ਸਪਲਾਈ ਕਰਦਾ ਸੀ। 
ਬਾਬਾ ਵਿਰੁੱਧ ਦਰਜ ਹਨ 24 ਮਾਮਲੇ
ਮਾਹਲ    ਨੇ ਦੱਸਿਆ ਕਿ ਫੜੇ ਗਏ ਮੁਲਜ਼ਮ  ਕੁਲਦੀਪ ਉਰਫ ਬਾਬਾ ਵਿਰੁੱਧ 24 ਮਾਮਲੇ ਦਰਜ ਹਨ। ਇਸ  ਮਾਮਲੇ ਵਿਚ ਉਹ 10 ਸਾਲ ਦੀ ਸਜ਼ਾ ਵੀ ਕੱਟ ਚੁੱਕਾ ਹੈ। 
ਰਾਮ ਬਹਾਦਰ ਪਹਿਲੀ ਵਾਰ ਪੁਲਸ ਦੇ  ਅੜਿੱਕੇ ਆਇਆ ਹੈ। ਅਫੀਮ ਦੀ ਇੰਨੀ ਵੱਡੀ ਖੇਪ ਦੇ ਬਰਾਮਦ ਹੋਣ ਪਿੱਛੋਂ ਪੁਲਸ ਝਾਰਖੰਡ ਨਾਲ  ਜੁੜੇ ਨੈੱਟਵਰਕ ਨੂੰ ਖੰਗਾਲਣ ਦੀ ਕੋਸ਼ਿਸ਼ ਕਰੇਗੀ।