ਨਾਜਾਇਜ਼ ਹਥਿਆਰਾਂ ਤੇ ਹੈਰੋਇਨ ਦੀ ਸਮੱਗਲਿੰਗ ਕਰਦੇ 6 ਗ੍ਰਿਫਤਾਰ

08/01/2019 1:32:40 AM

ਅੰਮ੍ਰਿਤਸਰ,(ਅਰੁਣ): ਥਾਣਾ ਛੇਹਰਟਾ ਦੀ ਪੁਲਸ ਨੇ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ਕਰਦੇ 6 ਸਮੱਗਲਰਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ, ਡਰੱਗ ਮਨੀ, ਰਾਈਫਲ ਤੇ ਕਾਰਤੂਸਾਂ ਤੋਂ ਇਲਾਵਾ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਖੰਡਵਾਲਾ ਛੇਹਰਟਾ ਸਥਿਤ ਇਕ ਹੋਟਲ 'ਚੋਂ ਗ੍ਰਿਫਤਾਰ ਕੀਤੇ ਗਏ, ਇਨ੍ਹਾਂ ਸਮੱਗਲਰਾਂ ਦੀ ਗ੍ਰਿਫਤਾਰੀ ਸਬੰਧੀ ਪੁਲਸ ਵਲੋਂ ਹੋਟਲ ਦਾ ਹਵਾਲਾ ਦੇਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰ ਪੁਲਸ ਐੱਸ. ਐੱਸ. ਸ਼੍ਰੀਵਾਸਤਵ ਵਲੋਂ ਜਾਰੀ ਹੁਕਮਾਂ 'ਤੇ ਨਸ਼ਾ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਹਥਿਆਰ ਤੇ ਨਸ਼ਾ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ ਇਨ੍ਹਾਂ 6 ਮੈਂਬਰਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਛੇਹਰਟਾ ਦੀ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦੀ ਟੀਮ ਨੇ ਕਾਬੂ ਕੀਤਾ। ਗਗਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਭਿੱਖੀਵਿੰਡ, ਇੰਦਰਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਿਲਾਪ ਐਵੀਨਿਊ ਕਾਲੇ ਘਣੂਪੁਰ, ਕੁਲਵਿੰਦਰ ਸਿੰਘ ਕਾਲਾ ਪੁੱਤਰ ਕੇਵਲ ਸਿੰਘ ਵਾਸੀ ਖੰਡਵਾਲਾ ਛੇਹਰਟਾ, ਰਛਪਾਲ ਸਿੰਘ ਲਾਡੀ ਪੁੱਤਰ ਬੂਟਾ ਸਿੰਘ ਵਾਸੀ ਹਰਪਾਲ ਐਵੀਨਿਊ ਛੇਹਰਟਾ, ਕੰਵਲਪ੍ਰੀਤ ਸਿੰਘ ਸੂਰਜ ਪੁੱਤਰ ਪਰਮਜੀਤ ਸਿੰਘ ਵਾਸੀ ਹਰਪਾਲ ਐਵੀਨਿਊ ਤੋਂ ਇਲਾਵਾ ਕਰਨਬੀਰ ਸਿੰਘ ਪੁੱਤਰ ਸਵ. ਮਨਜੀਤ ਸਿੰਘ ਵਾਸੀ ਸੰਧੂ ਕਾਲੋਨੀ ਛੇਹਰਟਾ ਦੇ ਕਬਜ਼ੇ 'ਚੋਂ ਇਕ ਰਾਈਫਲ 12 ਬੋਰ, 16 ਕਾਰਤੂਸ, 12 ਗ੍ਰਾਮ ਹੈਰੋਇਨ ਤੇ 26000 ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਏ. ਸੀ. ਪੀ. ਪੱਛਮੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ। ਇਨ੍ਹਾਂ ਸਮੱਗਲਰਾਂ ਦਾ ਪੁਲਸ ਪਿਛੋਕੜ ਖੰਗਾਲ ਰਹੀ ਹੈ, ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਪਹਿਲਾਂ ਹੀ ਐੱਸ. ਟੀ. ਐੱਫ. ਕੋਲੋਂ ਫਰਾਰ ਦੱਸਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਦੇ ਕਿਸੇ ਵਿਸ਼ੇਸ਼ ਗਿਰੋਹ ਨਾਲ ਜੁੜੇ ਸੰਪਰਕ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਏ. ਸੀ. ਪੀ. ਸ਼ਰਮਾ ਨੇ ਦੱਸਿਆ ਕਿ ਮੁਕੰਮਲ ਜਾਂਚ ਮਗਰੋਂ ਹੀ ਪੂਰਾ ਖੁਲਾਸਾ ਕੀਤਾ ਜਾਵੇਗਾ।