ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ’ਚ ਸਪਲਾਈ ਕਰਨ ਵਾਲਾ ਜੋੜਾ ਗ੍ਰਿਫਤਾਰ

07/27/2018 5:42:39 AM

ਜਲੰਧਰ,   (ਕਮਲੇਸ਼)—  ਜਲੰਧਰ ਦਿਹਾਤੀ ਪੁਲਸ ਨੂੰ ਵੀਰਵਾਰ ਵੱਡੀ ਸਫਲਤਾ ਮਿਲੀ। ਪੁਲਸ ਨੇ  ਤਿੰਨ ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿ੍ਰਫਤਾਰ ਕੀਤਾ। ਇਸ ਹੈਰੋਇਨ ਦੀ ਕੀਮਤ  ਕੌਮਾਂਤਰੀ 5 ਕਰੋੜ ਰੁਪਏ ਦੱਸੀ ਜਾਂਦੀ ਹੈ।
ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ  ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰੇਦੇ ਹੋਏ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ  ਸਮੱਗਲਰ ਦਿੱਲੀ ਤੋਂ ਹੈਰੋਇਨ ਲੈ ਕੇ ਜਲੰਧਰ ਵੱਲ ਆ ਰਹੇ ਹਨ। ਇਸ 'ਤੇ ਸੀ. ਆਈ. ਏ. ਦੇ  ਇੰਚਾਰਜ ਹਰਿੰਦਰ ਸਿੰਘ ਗਿੱਲ ਅਤੇ ਸੀ. ਆਈ. ਏ. 2 ਦੇ ਇੰਚਾਰਜ ਸ਼ਿਵ ਕੁਮਾਰ ਨੇ ਗੋਰਾਇਆ  ਤੋਂ ਰੁੜਕਾ ਕਲਾਂ ਵਲ ਜਾ ਰਹੀ ਸੜਕ 'ਤੇ ਨਾਕਾ ਲਾਇਆ। ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ  ਰੋਕ ਕੇ ਉਸਦੀ ਤਲਾਸ਼ੀ ਲਈ ਗਈ। ਕਾਰ ਵਿਚੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਕਾਰ ਸਵਾਰ  ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੀ ਪਛਾਣ ਕੁਲਬੀਰ ਸਿੰਘ ਪੁੱਤਰ  ਸੁਰਿੰਦਰ ਸਿੰਘ ਵਾਸੀ ਗਰੀਨ ਮਾਡਲ ਟਾਊਨ ਗੋਰਾਇਆ, ਸੰਦੀਪ ਕੌਰ ਪਤਨੀ ਕੁਲਬੀਰ ਸਿੰਘ ਵਾਸੀ  ਗ੍ਰੀਨ ਮਾਡਲ ਟਾਊਨ ਗੋਰਾਇਆ ਅਤੇ ਹਨੀ ਪੁੱਤਰ ਤੇਜਪਾਲ ਵਾਸੀ ਰੁੜਕਾ ਵਜੋਂ ਹੋਈ। ਕੁਲਬੀਰ  ਅਤੇ ਸੰਦੀਪ ਪਤੀ-ਪਤਨੀ ਹਨ। ਪੁਲਸ ਨੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।  ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਦਿੱਲੀ ਤੋਂ ਸਸਤੇ ਮੁੱਲ 'ਤੇ ਹੈਰੋਇਨ ਖਰੀਦ ਕੇ  ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿਚ ਵੇਚਦੇ ਸਨ।
5 ਸਾਲਾਂ ਤੋਂ ਕਰ ਰਹੇ ਸਨ ਹੈਰੋਇਨ ਦੀ ਸਮੱਗਲਿੰਗ
ਪੁਲਸ  ਨੂੰ ਪੁਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਤਿੰਨੋਂ ਮੁਲਜ਼ਮ ਪਿਛਲੇ 5 ਸਾਲ ਤੋਂ ਹੈਰੋਇਨ ਦੀ  ਸਮੱਗਿੰਲਗ ਕਰ ਰਹੇ ਸਨ। ਕੁਲਬੀਰ ਦਾ ਹਨੀ ਦੇ ਘਰ ਆਉਣਾ ਜਾਣਾ ਸੀ। ਦੋਵਾਂ ਦੀ ਚੰਗੀ  ਦੋਸਤੀ ਹੋ ਗਈ ਅਤੇ ਹਨੀ ਵੀ ਸਮੱਗਲਿੰਗ ਦਾ ਕੰਮ ਕਰਨ ਲੱਗ ਪਿਆ। 
ਅਮੀਰ ਬਣਨ ਦੇ ਚੱਕਰ ਵਿਚ ਮੇਕਅਪ ਆਰਟਿਸਟ ਤੋਂ ਸਮੱਗਲਰ ਬਣਿਆ ਹਨੀ
ਫੜਿਆ  ਗਿਆ ਮੁਲਜ਼ਮ 24 ਸਾਲਾ ਹਨੀ ਮੇਕਅਪ ਆਰਟਿਸਟ ਰਹਿ ਚੁੱਕਾ ਹੈ। ਨੋਇਡਾ ਵਿਚ ਐੱਮ. ਐੱਚ.  ਐੱਫ. ਏ. ਸੈਲੂਨ ਅਤੇ ਪੰਜਾਬ ਦੇ ਵੱਖ-ਵਖ ਬਿਊਟੀ ਸੈਲੂਨਜ਼ ਵਿਖੇ ਉਹ ਕੰਮ ਕਰ ਚੁੱਕਾ ਹੈ।  ਕੁਲਬੀਰ ਨੇ ਹਨੀ ਨੂੰ ਦੱਸਿਆ ਕਿ ਹੈਰੋਇਨ ਦੀ ਸਮੱਗਲਿੰਗ ਵਿਚ ਬਹੁਤ ਪੈਸੇ ਬਣਦੇ ਹਨ ਅਤੇ  ਜਲਦੀ ਅਮੀਰ ਬਣਨ ਦਾ ਇਹ ਸ਼ਾਰਟ ਕੱਟ ਰਾਹ ਹੈ। ਉਦੋਂ ਤੋਂ ਕੁਲਬੀਰ ਅਤੇ ਸੰਦੀਪ ਨਾਲ ਮਿਲ  ਕੇ ਉਹ ਸਮੱਗਲਿੰਗ ਕਰਨ ਲੱਗ ਪਿਆ।
ਸਮੱਗਲਿੰਗ ਕਰ ਕੇ ਕਮਾਏ ਪੈਸਿਆਂ ਨਾਲ ਸਿੰਗਾਪੁਰ ਜਾ ਚੁੱਕੀ ਹੈ ਸੰਦੀਪ
ਪੁਲਸ  ਦੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਸੰਦੀਪ ਕੌਰ ਸਮੱਗਲਿੰਗ ਰਾਹੀਂ ਕਮਾਏ ਗਏ ਪੈਸਿਆਂ  ਨਾਲ ਸਿੰਗਾਪੁਰ ਜਾ ਚੁੱਕੀ ਹੈ। ਸੰਦੀਪ ਸਿੰਗਾਪੁਰ ਦੋ ਮਹੀਨਿਆਂ  ਦੇ ਟੂਰਿਸਟ ਵੀਜ਼ੇ 'ਤੇ ਗਈ ਸੀ। ਪੁਲਸ ਆਪਣੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲਾਏਗੀ ਕਿ  ਕਿਤੇ ਇਨ੍ਹਾਂ ਤਿੰਨਾਂ ਦੇ ਵਿਦੇਸ਼ਾਂ ਵਿਚ ਵੀ ਹੈਰੋਇਨ ਦੇ ਸੰਪਰਕ ਸੂਤਰ ਤਾਂ ਨਹੀਂ ਹਨ।
ਪਹਿਲਾਂ ਵੀ ਦਰਜ ਹਨ ਮੁਲਜ਼ਮਾਂ ਵਿਰੁੱਧ ਮਾਮਲੇ
ਜਾਂਚ  ਦੌਰਾਨ ਪਤਾ ਲੱਗਾ ਹੈ ਕਿ ਕੁਲਬੀਰ ਵਿਰੁੱਧ ਗੋਰਾਇਆ ਵਿਖੇ ਐੱਨ. ਡੀ. ਪੀ. ਐੱਸ. ਦੇ ਦੋ  ਮਾਮਲੇ ਦਰਜ ਹਨ। ਹਨੀ ਵਿਰੁੱਧ ਕਾਂਗੜਾ ਜ਼ਿਲੇ ਦੇ ਇੰਦੌਰਾ ਥਾਣੇ ਵਿਚ ਧਾਰਾ 302 ਦਾ  ਮਾਮਲਾ ਦਰਜ ਹੈ। ਹੁਣ ਤੱਕ ਦੀ ਪੁੱਛਗਿੱਛ ਦੌਰਾਨ ਸੰਦੀਪ ਦਾ ਕੋਈ ਕ੍ਰਿਮੀਨਲ ਰਿਕਾਰਡ  ਸਾਹਮਣੇ ਨਹੀਂ ਆਇਆ।