ਕਰੰਟ ਲੱਗਣ ਨਾਲ ਕੰਬਾਈਨ ''ਤੇ ਬੈਠੇ ਹੈਲਪਰ ਦੀ ਮੌਤ

10/10/2017 4:20:34 AM

ਸਮਾਣਾ, (ਦਰਦ)- ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਨਾਈਵਾਲਾ ਦੇ ਇੱਕ ਖੇਤ ਵਿਚ ਝੋਨੇ ਦੀ ਕਟਾਈ ਕਰਦੇ ਸਮੇਂ ਕੰਬਾਈਨ ਦੇ ਹੈਲਪਰ ਨੌਜਵਾਨ ਦੀ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਤੋਂ ਲੱਗੇ ਕਰੰਟ ਨਾਲ ਮੌਤ ਹੋਣ ਦਾ ਸਮਾਚਾਰ ਹੈ। ਸ਼ੁਤਰਾਣਾ ਪੁਲਸ ਵੱਲੋਂ ਪੋਸਟਮਾਰਟਮ ਲਈ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਹਸਪਤਾਲ ਵਿਚ ਪਹੁੰਚੇ ਕੰਬਾਈਨ ਮਾਲਕ ਭੁਪਿੰਦਰ ਸਿੰਘ ਵਾਸੀ ਸ਼ੁਤਰਾਣਾ ਦੇ ਦੋਸਤਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿਚ ਪੜ੍ਹ ਰਿਹਾ ਪ੍ਰਦੀਪ (18) ਪੁੱਤਰ ਅਮਰ ਰਾਮ ਵਾਸੀ ਪਿੰਡ ਚਿਚੜਵਾਲ ਸਿਰਫ਼ ਇਕ ਹਫ਼ਤਾ ਪਹਿਲਾਂ ਇਸ ਕੰਬਾਈਨ 'ਤੇ ਇਕ ਹੈਲਪਰ ਦੇ ਤੌਰ 'ਤੇ ਕੰਮ ਕਰਦਾ ਸੀ। 
ਐਤਵਾਰ ਸਵੇਰੇ ਪਿੰਡ ਨਾਈਵਾਲਾ ਵਿਚ ਇਕ ਕਿਸਾਨ ਦੇ ਖੇਤ ਵਿਚ ਕੰਬਾਈਨ ਨਾਲ ਜੀਰੀ ਦੀ ਕਟਾਈ ਕੀਤੀ ਜਾ ਰਹੀ ਸੀ। ਪ੍ਰਦੀਪ ਰਾਮ ਖੇਤ ਵਿਚੋਂ ਲੰਘ ਰਹੀ ਬਿਜਲੀ ਦੀ ਲਾਈਨ ਨਾਲ ਛੂਹ ਜਾਣ ਕਾਰਨ ਲੱਗੇ ਕਰੰਟ ਦੇ ਤੇਜ਼ ਝਟਕੇ ਨਾਲ ਥੱਲੇ ਡਿੱਗ ਪਿਆ। ਉਸ ਨੂੰ ਡਰਾਈਵਰ ਤੇ ਖੇਤ ਮਾਲਕਾਂ ਵੱਲੋਂ ਪਾਤੜਾਂ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਲਿਜਾਣ ਤੋਂ ਪਹਿਲਾਂ ਗੰਭੀਰ ਪ੍ਰਦੀਪ ਨੂੰ ਪੁਰਾਣੇ ਨੁਸਖਿਆਂ ਮੁਤਾਬਕ ਕੁੱਝ ਸਮਾਂ ਮਿੱਟੀ ਵਿਚ ਦਬਾਇਆ, ਜਿਸ ਮਗਰੋਂ ਪ੍ਰਦੀਪ ਦੇ ਪਰਿਵਾਰ ਤੇ ਪੁਲਸ ਨੂੰ ਸੂਚਨਾ ਦਿੱਤੀ। 
ਇਸ ਮੌਕੇ ਮ੍ਰਿਤਕ ਦੇ ਦਾਦਾ ਗੁੱਲੂ ਰਾਮ ਚਾਚਾ ਬਿੱਲਾ ਰਾਮ ਤੇ ਹੋਰਨਾਂ ਨੇ ਆਪਣੇ ਬੱਚੇ ਦੀ ਮੌਤ ਨੂੰ ਸ਼ੱਕੀ ਦੱਸਿਆ ਤੇ ਕਿਹਾ ਕਿ ਕਰੰਟ ਨਾਲ ਕੰਬਾਈਨ ਡਰਾਈਵਰ ਜਾਂ ਕਿਸੇ ਹੋਰ ਨੂੰ ਕਰੰਟ ਨਹੀਂ ਲੱਗਾ। ਉਨ੍ਹਾਂ ਦੋਸ਼ ਲਾਇਆ ਕਿ ਸਵੇਰੇ ਉਸ ਦੀ ਮੌਤ ਮਗਰੋਂ ਉਨ੍ਹਾਂ ਨੂੰ ਸ਼ਾਮ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਵਾਰਿਸਾਂ ਨੇ ਇਸ ਦੀ ਜਾਂਚ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਸ਼ੁਤਰਾਣਾ ਪੁਲਸ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਮਾਮਲੇ ਬਾਰੇ ਕਾਰਵਾਈ ਕੀਤੀ ਜਾਵੇਗੀ।