ਹੈਲਮੇਟ ਮੁੱਦੇ 'ਤੇ ਪੰਜ ਸਿੰਘ ਸਾਹਿਬਾਨਾਂ ਨੇ ਲਿਆ ਇਹ ਫੈਸਲਾ(ਵੀਡੀਓ)

07/24/2018 3:32:08 PM

ਅੰਮ੍ਰਿਤਸਰ (ਬਿਊਰੋ)— ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕ ਅਹਿਮ ਬੈਠਕ ਹੋਈ। ਇਸ ਬੈਠਕ ਵਿਚ ਸਿੱਖਾਂ ਨਾਲ ਸਬੰਧਤ ਕਈ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਹੋਇਆ ਅਤੇ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਮੀਡੀਆ ਦੇ ਰੂ-ਬ-ਰੂ ਹੋਏ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੀਟਿੰਗ ਸਬੰਧੀ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਈਕੋਰਟ ਵਲੋਂ ਸਿੱਖ ਬੀਬੀਆਂ ਨੂੰ ਹੈਲਮੇਟ ਪਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਹੁਕਮ ਨਾਲ ਸਿੱਖ ਕੌਮ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਦਾ ਇਹ ਹੁਕਮ ਸਿੱਖ ਮਰਿਆਦਾ ਦੇ ਉਲਟ ਹੈ। ਇਸ ਹੁਕਮ ਖਿਲਾਫ ਐੱਸ.ਜੀ.ਪੀ.ਸੀ. ਕੋਰਟ ਵਿਚ ਕਾਨੂੰਨੀ ਲੜਾਈ ਲੜੇਗੀ।
ਇਸ ਮੀਟਿੰਗ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਜ਼ਿਲਾ ਗੰਗਾਨਗਰ ਸਥਿਤ ਗੁਰਦੁਆਰਾ ਬੁੱਢਾ ਜੋਹੜ ਵਿਚ ਚੱਲ ਰਹੇ ਵਿਵਾਦ 'ਤੇ ਫੈਸਲਾ ਲੈਂਦੇ ਹੋਏ ਦੋਵੇਂ ਕਮੇਟੀਆਂ ਦੇ ਸੰਵਿਧਾਨ ਭੰਗ ਕਰ ਦਿੱਤੇ ਅਤੇ ਗੁਰਦੁਆਰੇ ਦਾ ਪ੍ਰਬੰਧ ਨੌਂ ਮੈਂਬਰੀ ਕਮੇਟੀ ਨੂੰ ਸੌਂਪ ਦਿੱਤਾ। ਪੰਜ ਸਿੰਘ ਸਾਹਿਬਾਨਾਂ ਨੇ ਨੌਂ ਮੈਂਬਰੀ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਪ੍ਰਬੰਧਕ ਕਾਨੂੰਨੀ ਰਾਏ ਲੈ ਕੇ ਨਵਾਂ ਸੰਵਿਧਾਨ ਤਿਆਰ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਵਾਨਗੀ ਲਈ ਭੇਜਣ। ਪ੍ਰਵਾਨਗੀ ਉਪਰੰਤ ਹੀ ਅਗਲਾ ਪ੍ਰਬੰਧ ਚਲਾਇਆ ਜਾਵੇ। ਇਹ ਸਾਰਾ ਕੰਮ 6 ਮਹੀਨੇ ਦਰਮਿਆਨ ਸੰਪੂਰਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਿਪੋਰਟ ਭੇਜੀ ਜਾਵੇ।