ਆਉਣ ਵਾਲੇ ਦੋ ਦਿਨਾਂ ਦੌਰਾਨ ਮੀਂਹ ਦੀ ਚਿਤਾਵਨੀ

04/11/2018 3:07:43 PM

ਰੂਪਨਗਰ (ਵਿਜੇ)— ਆਉਣ ਵਾਲੇ ਦੋ ਦਿਨਾਂ ਦੌਰਾਨ ਰੂਪਨਗਰ 'ਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਸਥਾਪਤ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਾ. ਵਿਪਨ ਕੁਮਾਰ ਰਾਮਪਾਲ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਦੱਸਿਆ ਕਿ 12 ਅਪ੍ਰੈਲ ਤੱਕ ਰੂਪਨਗਰ ਦੇ ਬਹੁਤੇ ਭਾਗਾਂ 'ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਹੈ। ਇਸ ਸਬੰਧੀ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਤਾਜ਼ਾ ਪੱਛਮੀ ਗੜਬੜੀ ਅਤੇ ਖਾੜੀ ਬੰਗਾਲ ਦੀਆਂ ਪੂਰਬੀ ਹਵਾਵਾਂ ਦੇ ਸੰਯੁਕਤ ਪ੍ਰਭਾਵ ਕਾਰਨ ਲੰਬੇ ਵਕਫੇ ਬਾਅਦ ਤਕਰੀਬਨ ਸਾਰੇ ਪੰਜਾਬ ਸੂਬੇ 'ਚ ਦਰਮਿਆਨਾ ਮੀਂਹ ਪਵੇਗਾ। ਜ਼ਿਆਦਾਤਰ ਹਿੱਸਿਆਂ 'ਚ ਇਸ ਹਫਤੇ ਗਰਜ਼ ਚਮਕ/ਧੂੜ ਹਨੇਰੀ ਨਾਲ ਹਲਕੀ/ਦਰਮਿਆਨੀ ਬਰਸਾਤ ਹੋਵੇਗੀ। ਭਾਵੇਂ ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਪਰ ਇਹ ਕਿਸਾਨਾਂ ਲਈ ਚਿੰਤਾਜਨਕ ਹੈ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇ ਫਸਲ ਪੂਰੀ ਤਰ੍ਹਾਂ ਤਿਆਰ ਹੈ ਤਾਂ ਅਗਲੇ 1-2 ਦਿਨਾਂ ਤੱਕ ਵਾਢੀ ਨਾ ਕਰਨ ਅਤੇ ਜਿਨ੍ਹਾਂ ਕਿਸਾਨ ਵੀਰਾਂ ਨੇ ਵਾਢੀ ਸ਼ੁਰੂ ਕਰ ਦਿੱਤੀ ਹੈ, ਉਹ ਕਣਕ ਕਿਸੇ ਸੁਰੱਖਿਅਤ ਸਥਾਨ 'ਤੇ ਸਾਂਭ ਲੈਣ।