ਚੰਡੀਗੜ੍ਹ 'ਚ ਸੀਜ਼ਨ ਦੀ ਪਹਿਲੀ ਧੁੰਦ : ਹਵਾਈ ਅੱਡੇ 'ਤੇ ਲੈਂਡਿੰਗ ਲਈ ਅੱਧਾ ਘੰਟਾ ਹਵਾ 'ਚ ਉੱਡਦਾ ਰਿਹਾ ਜਹਾਜ਼

12/21/2022 10:10:27 AM

ਚੰਡੀਗੜ੍ਹ (ਲਲਨ) : ਸੰਘਣੀ ਧੁੰਦ ਨੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਸੋਮਵਾਰ ਰਾਤ ਨੂੰ ਪਹਿਲੀ ਵਾਰ ਸ਼ਹਿਰ 'ਚ ਧੁੰਦ ਦੀ ਦਸਤਕ ਦੇਖਣ ਨੂੰ ਮਿਲੀ ਅਤੇ ਮੰਗਲਵਾਰ ਦੁਪਹਿਰ ਤੱਕ ਧੁੰਦ ਛਾਈ ਰਹੀ। ਮੰਗਲਵਾਰ ਸਵੇਰੇ ਧੁੰਦ ਕਾਰਨ ਆਵਾਜਾਈ ਦਾ ਪਹੀਆ ਠੱਪ ਹੋ ਗਿਆ, ਜਿਸ ਕਾਰਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਚੰਡੀਗੜ੍ਹ ਤੋਂ ਆਵਾਜਾਈ ਠੱਪ ਹੋ ਗਈ ਅਤੇ ਦੁਪਹਿਰ ਤੱਕ ਕੋਈ ਵੀ ਫਲਾਈਟ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਟੇਕ ਆਫ਼ ਜਾਂ ਲੈਂਡ ਨਹੀਂ ਕਰ ਸਕੀ। ਇਸ ਕਾਰਨ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਹੀ ਉਡੀਕ ਕਰਨੀ ਪਈ। ਇੰਨਾ ਹੀ ਨਹੀਂ, ਜਦੋਂ ਸਵੇਰੇ 10 ਵਜੇ ਜੈਪੁਰ ਤੋਂ ਡਾਇਵਰਟ ਕੀਤੀ ਗਈ ਫਲਾਈਟ ਨੂੰ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ ਤਾਂ ਇਹ ਫਲਾਈਟ ਅੱਧਾ ਘੰਟਾ ਆਸਮਾਨ 'ਚ ਉੱਡਦੀ ਰਹੀ ਕਿਉਂਕਿ ਇਸ ਨੂੰ ਲੈਂਡਿੰਗ ਲਈ ਰਨਵੇ ਦੀ ਉਡੀਕ ਕਰਨੀ ਪਈ। ਇਸ ਨਾਲ ਸਵੇਰੇ 6.40 ਤੋਂ 12 ਵਜੇ ਤੱਕ ਜਾਣ ਵਾਲੀਆਂ ਸਾਰੀਆਂ ਉਡਾਣਾਂ 3 ਤੋਂ 4 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਧੁੰਦ ਕਾਰਨ ਚੰਡੀਗੜ੍ਹ ਅੰਤਰਰਾਸਟਰੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਜ਼ੀਰੋ ਰਹੀ, ਜਿਸ ਕਾਰਨ ਉਡਾਣਾਂ ਦੀ ਆਮਦ ਅਤੇ ਰਵਾਨਗੀ ਨਹੀਂ ਹੋ ਸਕੀ। 

ਇਹ ਵੀ ਪੜ੍ਹੋ : ਦੋਰਾਹਾ ਤੋਂ ਵੱਡੀ ਖ਼ਬਰ : ਫੈਕਟਰੀ ਅੰਦਰ ਬੁਆਇਲਰ ਫੱਟਣ ਕਾਰਨ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ
ਸਵੇਰ ਦੀਆਂ ਫਲਾਈਟਾਂ ਨੂੰ ਜੈਪੁਰ ਵੱਲ ਮੋੜਿਆ ਗਿਆ
ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਸਵਰੇ ਵਿਜ਼ੀਬਿਲਟੀ ਇੰਨੀ ਘੱਟ ਸੀ ਕਿ ਦਿੱਲੀ, ਪੁਣੇ, ਬੈਂਗਲੁਰੂ ਅਤੇ ਮੁੰਬਈ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਜੈਪੁਰ ਵੱਲ ਡਾਇਵਰਟ ਕਰ ਦਿੱਤਾ ਗਿਆ ਕਿਉਂਕਿ ਦਿੱਲੀ 'ਚ ਮੌਸਮ ਵੀ ਠੀਕ ਨਹੀਂ ਸੀ। ਇਸ ਕਾਰਨ ਚਾਰ ਫਲਾਈਟਾਂ ਨੂੰ ਜੈਪੁਰ 'ਚ ਉਤਾਰਿਆ ਗਿਆ, ਜਿਸ ਤੋਂ ਬਾਅਦ ਸਵੇਰੇ 10.30 ਵਜੇ ਚੰਡੀਗੜ੍ਹ ਦਾ ਮੌਸਮ ਠੀਕ ਹੋਇਆ, ਰਾਤ 12.06 ਵਜੇ ਜੈਪੁਰ ਤੋਂ ਚੰਡੀਗੜ੍ਹ ਲਈ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ, ਜਿਸ ਨਾਲ ਸਵੇਰੇ 6.40 ਵਜੇ ਚੰਡੀਗੜ੍ਹ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ 11.56 ਵਜੇ ਟੇਕ ਆਫ਼ ਕਰ ਸਕੀ। ਧੁੰਦ ਕਾਰਨ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ 16 ਉਡਾਣਾਂ ਪ੍ਰਭਾਵਿਤ ਹੋਈਆਂ। ਇਨ੍ਹਾਂ ਵਿਚੋਂ ਕਈ ਉਡਾਣਾਂ ਇਹੋ ਜਿਹੀਆਂ ਸਨ, ਜੋ ਆਪਣੇ ਨਿਰਧਾਰਿਤ ਸਮੇਂ ਤੋਂ 2-3 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ : ਪੰਜਾਬੀਓ ਗੱਡੀ ਹੌਲੀ ਚਲਾਓ, ਹਾਦਸਿਆਂ ਦੌਰਾਨ ਮਰਨ ਵਾਲੇ ਲੋਕਾਂ ਦੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਕੈਟ-3 ਹੁੰਦਾ ਤਾਂ ਜ਼ੀਰੋ ਵਿਜ਼ੀਬਿਲਟੀ ’ਚ ਵੀ ਫਲਾਈਟਾਂ ਹੁੰਦੀਆਂ ਲੈਂਡ
ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਲੈਂਡਿੰਗ ਇੰਸਟਰੂਮੈਂਟ ਸਿਸਟਮ-3 ਲਾਇਆ ਗਿਆ ਹੁੰਦਾ ਤਾਂ ਕੋਈ ਵੀ ਫਲਾਈਟ ਲੇਟ ਨਾ ਹੁੰਦੀ ਕਿਉਂਕਿ ਇਸ ਉਪਕਰਨ ਰਾਹੀਂ ਫਲਾਈਟ ਜ਼ੀਰੋ ਵਿਜ਼ੀਬਿਲਟੀ 'ਚ ਵੀ ਲੈਂਡ ਕਰ ਸਕਦੀ ਹੈ ਪਰ ਮੌਜੂਦਾ ਸਮੇਂ 'ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡਿੰਗ ਇੰਸਟਰੂਮੈਂਟ ਸਿਸਟਮ-2 ਲਾਇਆ ਗਿਆ ਹੈ, ਜੋ ਕਿ 350 ਜਹਾਜ਼ਾਂ ਨੂੰ ਲੈਂਡ ਕਰਨ ਦੇ ਸਮਰੱਥ ਹੈ। ਲੈਂਡਿੰਗ 350 ਮੀਟਰ ਵਿਜ਼ੀਬਿਲਟੀ ਵਿਚ ਹੋ ਸਕਦੀ ਹੈ। ਰਨਵੇਅ ਦੇ ਇਕ ਸਿਰੇ ’ਤੇ ਕੈਟ-2 ਲਾਇਆ ਗਿਆ ਹੈ, ਜਦਕਿ ਦੂਜੇ ਸਿਰੇ ’ਤੇ ਕੈਟ-3 ਲਾਉਣ ਦੀ ਜ਼ਿੰਮੇਵਾਰੀ ਅਥਾਰਟੀ ਨੂੰ ਸੌਂਪੀ ਗਈ ਸੀ ਪਰ ਕੈਟ-3 ਸਬੰਧੀ ਕੋਈ ਚਰਚਾ ਨਹੀਂ ਹੋ ਰਹੀ ਹੈ।
ਫਲਾਈਟ ਲੇਟ ਸਬੰਧੀ ਯਾਤਰੀਆਂ ਨੂੰ ਸੰਦੇਸ਼ ਭੇਜੇ ਜਾ ਰਹੇ : ਸੀ. ਈ. ਓ.
ਧੁੰਦ ਨਾਲ ਨਜਿੱਠਣ ਲਈ ਏਅਰਲਾਈਨਜ਼ ਅਤੇ ਅਧਿਕਾਰੀਆਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਮੌਸਮ ਖ਼ਰਾਬ ਹੋਣ ’ਤੇ ਏਅਰਲਾਈਨਜ਼ ਵਲੋਂ ਯਾਤਰੀਆਂ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ, ਜਿਸ ਵਿਚ ਯਾਤਰੀਆਂ ਨੂੰ ਫਲਾਈਟ ਦੇ ਆਉਣ ਅਤੇ ਜਾਣ ਦਾ ਸਮਾਂ ਦੱਸਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਮੰਗਲਵਾਰ ਫਲਾਈਟ ਲੇਟ ਹੋਣ ਦਾ ਸੰਦੇਸ਼ ਸਾਰੇ ਯਾਤਰੀਆਂ ਨੂੰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਫਲਾਈਟ ਲੇਟ ਹੋਣ ਦੀ ਸੂਰਤ 'ਚ ਯਾਤਰੀਆਂ ਲਈ ਪਾਰਕਿੰਗ, ਵਾਸ਼ਰੂਮ ਅਤੇ ਖਾਣੇ ਦਾ ਪ੍ਰਬੰਧ ਕਰ ਰਹੀਆਂ ਹਨ, ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਟਰੇਨਾਂ ’ਤੇ ਵੀ ਪਿਆ ਅਸਰ 
ਧੁੰਦ ਦਾ ਅਸਰ ਸਿਰਫ਼ ਉਡਾਣਾਂ ’ਤੇ ਹੀ ਨਹੀਂ ਪਿਆ ਸਗੋਂ ਵੰਦੇ ਭਾਰਤ ਟਰੇਨ, ਸ਼ਤਾਬਦੀ ਸਮੇਤ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ-ਚੰਡੀਗੜ੍ਹ ਵੰਦੇ ਭਾਰਤ ਰੇਲਗੱਡੀ ਨਿਰਧਾਰਿਤ ਸਮੇਂ ਤੋਂ ਲਗਭਗ 25 ਮਿੰਟ ਲੇਟ ਰਹੀ। ਜਦੋਂ ਕਿ ਦਿੱਲੀ-ਚੰਡੀਗੜ੍ਹ ਸ਼ਤਾਬਦੀ ਸਮੇਂ ਤੋਂ 50 ਮਿੰਟ ਲੇਟ ਰਹੀ। ਇਸ ਦੇ ਨਾਲ ਹੀ ਪੱਛਮੀ ਐਕਸਪ੍ਰੈੱਸ 30 ਅਤੇ ਸਦਭਾਵਨਾ ਐਕਸਪ੍ਰੈੱਸ 4 ਘੰਟੇ ਦੇਰੀ ਨਾਲ ਚੰਡੀਗੜ੍ਹ ਪਹੁੰਚੀਆਂ।
ਧੁੰਦ ’ਚ ਬੱਸ ਵੀ ਬਦਲ
ਹੁਣ ਧੁੰਦ ਦਿਨੋਂ-ਦਿਨ ਆਪਣੇ ਤੇਵਰ ਦਿਖਾਏਗੀ, ਇਸ ਲਈ ਯਾਤਰੀਆਂ ਕੋਲ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਬੱਸ ਦਾ ਬਦਲ ਹੈ। ਫਿਲਹਾਲ ਬੇਸ਼ੱਕ ਸਵਾਰੀਆਂ ਦਾ ਬੱਸਾਂ ਪ੍ਰਤੀ ਇੰਨਾ ਝੁਕਾਅ ਨਹੀਂ ਹੈ ਪਰ ਜਿਵੇਂ-ਜਿਵੇਂ ਧੁੰਦ ਵਧੇਗੀ, ਬੱਸਾਂ ਵੀ ਖਚਾਖਚ ਭਰ ਜਾਣਗੀਆਂ। ਚੰਡੀਗੜ੍ਹ ਤੋਂ ਕਈ ਵੱਡੇ ਸ਼ਹਿਰਾਂ ਲਈ ਬੱਸ ਸੇਵਾਵਾਂ ਚਲਦੀਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

Babita

This news is Content Editor Babita