ਸਿਹਤ ਨਾਲ ਖਿਲਵਾੜ; ਮੈਂਗੋ ਜੂਸ ''ਚੋਂ ਨਿਕਲਿਆ ਕੀੜਾ

09/21/2017 12:30:36 AM

ਜਾਡਲਾ, (ਜਸਵਿੰਦਰ)- ਫੂਡ ਸਪਲਾਈ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। 
ਸਿਮਰਨਪ੍ਰੀਤ ਸਿੰਘ ਵਾਸੀ ਨਾਈ ਮਜਾਰਾ ਨੇ ਦੱਸਿਆ ਕਿ ਉਹ ਪਿੰਡ ਦੀ ਹੀ ਇਕ ਕਰਿਆਨੇ ਦੀ ਦੁਕਾਨ ਤੋਂ ਖਾਣ ਲਈ ਟੌਫੀਆਂ ਦਾ ਪੈਕੇਟ ਲੈ ਕੇ ਆਇਆ ਸੀ। ਪੈਕੇਟ ਨੂੰ ਖੋਲ੍ਹ ਕੇ ਜਦੋਂ ਉਹ ਇਕ ਟੌਫੀ ਖਾਣ ਲੱਗਾ ਤਾਂ ਉਸ ਵਿਚ ਮਰੀ ਹੋਈ ਮੱਖੀ ਸੀ। ਇਸੇ ਤਰ੍ਹਾਂ ਰਮਣੀਕ ਲੂੰਬਾ ਵਾਸੀ ਜਾਡਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਇਕ ਡੀਲਰ ਤੋਂ ਇਕ ਕੰਪਨੀ ਦੇ ਮੈਂਗੋ ਜੂਸ ਦੀਆਂ 5 ਬੋਤਲਾਂ ਲਈਆਂ ਸਨ। ਅੱਜ ਜਦੋਂ ਉਸ ਨੇ ਇਕ ਬੋਤਲ ਆਪਣੀ ਬੇਟੀ ਨੂੰ ਖੋਲ੍ਹ ਕੇ ਦਿੱਤੀ ਤਾਂ ਉਸ ਦੀ ਬੇਟੀ ਨੇ ਉਸ ਦੇ ਦੋ ਘੁੱਟ ਭਰ ਕੇ ਕਿਹਾ ਕਿ ਇਸ ਵਿਚੋਂ ਬਦਬੂ ਆ ਰਹੀ ਹੈ। ਰਮਣੀਕ ਨੇ ਜਦੋਂ ਉਸ ਬੋਤਲ ਵਿਚ ਧਿਆਨ ਨਾਲ ਵੇਖਿਆ ਤਾਂ ਉਸ ਵਿਚ ਇਕ ਕੀੜਾ ਮਰਿਆ ਹੋਇਆ ਸੀ।
ਲੋਕਾਂ ਨੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅਜਿਹੀਆਂ ਚੀਜ਼ਾਂ ਵੇਚਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਇਸ ਸੰਬੰਧੀ ਜਦੋਂ ਮਨੋਜ ਕੁਮਾਰ ਅਸਿਸਟੈਂਟ ਫੂਡ ਸਪਲਾਈ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਦੀ ਚੈਕਿੰਗ ਕਰਦੇ ਹਨ ਪਰ ਹੁਣ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਦਫ਼ਤਰ ਆ ਕੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇ ਸਕਦਾ ਹੈ। ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।