ਸਿਹਤ ਸੇਵਾਵਾਂ ''ਚ ਸੁਧਾਰ ਲਿਆਉਣ ਲਈ ਡਾਕਟਰਾਂ ਦੀ ਡੈਪੂਟੇਸ਼ਨ ਨੂੰ ਕੀਤਾ ਜਾਵੇਗਾ ਰੱਦ

06/19/2019 7:51:42 PM

ਚੰਡੀਗੜ੍ਹ(ਸ਼ਰਮਾ)— ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਵਿਸ਼ੇਸ਼ ਤੌਰ 'ਤੇ ਸਰਹੱਦੀ ਤੇ ਦੂਰ ਦਰਾਡੇ ਦੇ ਇਲਾਕਿਆਂ 'ਚ ਮਿਆਰੀ ਸਿਹਤ ਸਹੂਲਤਾਂ ਉਪਲਭਧ ਕਰਵਾਉਣ ਲਈ ਮੈਡੀਕਲ ਅਫਸਰਾਂ ਦੀ ਡੈਪੂਟੇਸ਼ਨ ਨੂੰ ਰੱਦ ਕੀਤਾ ਜਾਵੇਗਾ। ਇਹ ਆਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕਲਿਆਣ ਭਵਨ ਵਿਖੇ ਸਮੂਹ ਸਿਵਲ ਸਰਜਨਾਂ ਨਾਲ ਕੀਤੀ ਪਲੇਠੀ ਮੀਟਿੰਗ 'ਚ ਦਿੱਤੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਸਰਜਨ ਇਹ ਯਕੀਨੀ ਬਣਾਉਣ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਕੇਵਲ ਜਨ ਅੋਸ਼ਦੀ ਕੇਂਦਰ ਵਿਚ ਮਿਲਣ ਵਾਲੀਆਂ ਹੀ ਦਵਾਈਆਂ ਮਰੀਜ਼ਾਂ ਨੂੰ ਲ਼ਿਖਣ ਤਾਂ ਜੋ ਲੋੜਵੰਦ ਲੋਕਾਂ ਨੂੰ ਆਪਣੀ ਜੇਬ 'ਚੋਂ ਪੈਸਾ ਖਰਚ ਕੇ ਪ੍ਰਾਈਵੇਟ ਕੈਮਿਸਟਾਂ ਕੋਲ ਦਵਾਈਆਂ ਨਾ ਖਰੀਦਣੀਆਂ ਪੈਣ।

ਉਨ੍ਹਾਂ ਕਿਹਾ ਕਿ ਹਸਪਤਾਲਾਂ ਦੀ ਕਾਰਗੁਜ਼ਾਰੀ 'ਚ ਹੋਰ ਸੁਧਾਰ ਲਿਆਉਣ ਲਈ ਪਿਛਲੇ ਮਹੀਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ 535 ਨਰਸਾਂ (ਏ.ਐਨ.ਐਮ) ਨੂੰ ਭਰਤੀ ਕੀਤਾ ਗਿਆ ਹੈ ਅਤੇ ਜੂਨ ਦੇ ਆਖਰੀ ਹਫਤੇ ਤੱਕ ਅਧੀਨ 114 ਹੋਰ ਨਰਸਾਂ ਭਰਤੀ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਜਿਲ੍ਹਾਵਾਰ ਸਿਵਲ ਸਰਜਨਾਂ ਤੋਂ ਸਪੈਸ਼ਲਿਸਟਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਪਈਆਂ ਆਸਮੀਆਂ ਦੀ ਵੀ ਜਾਣਕਾਰੀ ਲਈ ਤੇ ਇਕ ਹਫਤੇ ਤੱਕ ਸਾਰੀਆਂ ਖਾਲੀ ਅਸਾਮੀਆਂ ਦਾ ਵੇਰਵਾ ਭੇਜਣ ਲਈ ਕਿਹਾ। ਜਿਸ ਉਪਰੰਤ ਸਿਹਤ ਵਿਭਾਗ ਖਾਲੀ ਪਈ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ।

ਸਿੱਧੂ ਨੇ ਹੈਲਥ ਤੇ ਵੈੱਲਨੈੱਸ ਕੇਂਦਰਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਸਥਾਪਨਾ 13 ਅਹਿਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਹੈ ਅਤੇ ਹੁਣ ਤੱਕ 847 ਕੇਂਦਰ ਸਥਾਪਿਤ ਕਰ ਦਿੱਤੇ ਗਏ ਹਨ ਜਿਸ ਲਈ 419 ਕਮਿਊਨਟੀ ਹੈਲਥ ਅਫਸਰ ਨੂੰ ਨਿਯੁਕਤ ਕੀਤਾ ਗਿਆ ਹੈ। ਮੀਟਿੰਗ ਵਿਚ ਹਾਜ਼ਿਰ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਸਿਹਤ ਮੰਤਰੀ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਵਿਚ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਹੈਲਥ ਤੇ ਵੈੱਲਨੈੱਸ ਕੇਂਦਰਾਂ ਦੀ ਸਥਾਪਨਾ ਲਈ ਵਧੀਆ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਐਲਾਨੇ ਗਏ ਹਨ।

ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਕਿਹਾ ਕਿ ਸਿਵਲ ਸਰਜਨ ਜ਼ਿਲ੍ਹਿਆਂ 'ਚ ਯਕੀਨੀ ਬਣਾਉਣ ਕਿ ਸੀਨੀਅਰ ਮੈਡੀਕਲ ਅਫਸਰ ਨਿੱਜੀ ਤੌਰ 'ਤੇ ਸਬ-ਸੈਂਟਰਾਂ ਦਾ ਦੌਰਾ ਕਰਨ ਤਾਂ ਜੋ ਮਾਂ ਤੇ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਸਿਹਤ ਮੰਤਰੀ ਵਲੋਂ ਇਸ ਮੌਕੇ 'ਤੇ ਵਧੀਆ ਕਾਰਗੁਜ਼ਾਰੀ ਮੁਹੱਈਆ ਕਰਵਾਉਣ ਵਾਲੇ ਐਸ.ਐਮ.ਓ. ਮਾਛੀਵਾੜਾ (ਲੁਧਿਆਣਾ), ਮੁਕੰਦਪੁਰ (ਨਵਾਂ ਸ਼ਹਿਰ) ਗੁਰ ਸਰ ਸੁਧਾਰ (ਲੁਧਿਆਣਾ), ਬਾਬਾ ਬਕਾਲਾ (ਅੰਮ੍ਰਿਤਸਰ) ਤੇ ਕਾਲੋ ਮਾਜਰਾ (ਪਟਿਆਲਾ) ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੀਟਿੰਗ ਵਿਚ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ, ਮਿਸ਼ਨ ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਅਮਿਤ ਕੁਮਾਰ, ਡਾਇਰੈਕਟਰ ਸਿਹਤ ਸੇਵਾਵਾਂ, ਡਾ. ਜਸਪਾਲ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਡਾ. ਅਵਨੀਤ ਕੌਰ, ਡਾਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ ਰੀਟਾ ਭਾਰਦਵਾਜ, ਡਿਪਟੀ ਡਾਇਰੈਕਟਰਜ਼ ਤੇ ਸਿਵਲ ਸਰਜਨ ਹਾਜ਼ਿਰ ਸਨ।

Baljit Singh

This news is Content Editor Baljit Singh