ਸਿਹਤ ਮੰਤਰੀ ਨੇ ਸਾਥੀ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਕੀਤਾ ਨਿਰੀਖਣ, ਮਿਲਿਆ ਡੇਂਗੂ ਦਾ ਲਾਰਵਾ

08/26/2023 12:46:27 AM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਡੇਂਗੂ ਵਿਰੋਧੀ ਮੁਹਿੰਮ 'ਹਰ ਸ਼ੁਕਰਵਾਰ, ਡੇਂਗੂ 'ਤੇ ਵਾਰ' ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲਗਾਤਾਰ ਤੀਸਰੇ ਸ਼ੁੱਕਰਵਾਰ ਸੈਕਟਰ 39 ਸਥਿਤ ਆਪਣੇ ਕੈਬਨਿਟ ਸਾਥੀਆਂ ਦੀਆਂ ਰਿਹਾਇਸ਼ਾਂ, ਸਰਕਟ ਹਾਊਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪਾਰਟੀ ਦਫ਼ਤਰ ਦਾ ਜ਼ਮੀਨੀ ਪੱਧਰ 'ਤੇ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਡਾ. ਬਲਬੀਰ ਸਿੰਘ ਨੇ 4 ਅਗਸਤ ਨੂੰ ਐੱਸ. ਏ. ਐੱਸ. ਨਗਰ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੇ ਹੌਟਸਪੌਟ ਦਿਖਾ ਕੇ ਜਾਗਰੂਕ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਪੜ੍ਹੇ-ਲਿਖੇ ਨੌਜਵਾਨਾਂ ਲਈ ਚੁੱਕਣ ਜਾ ਰਹੇ ਅਹਿਮ ਕਦਮ, ਦਿੱਤੇ ਇਹ ਨਿਰੇਦਸ਼

ਸ਼ੁੱਕਰਵਾਰ ਨੂੰ ਆਪਣੇ ਇਸ ਦੌਰੇ ਦੌਰਾਨ ਸਿਹਤ ਮੰਤਰੀ ਨੇ ਆਪਣੀ ਰਿਹਾਇਸ਼ ਦੇ ਨਾਲ-ਨਾਲ 6 ਹੋਰ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਸਮੇਤ ਘੱਟੋ-ਘੱਟ 12 ਸਥਾਨਾਂ ਦੀ ਜਾਂਚ ਕੀਤੀ ਅਤੇ ਕੈਬਨਿਟ ਮੰਤਰੀਆਂ ਦੀਆਂ 7 ਰਿਹਾਇਸ਼ਾਂ ਵਿਚੋਂ ਪੰਜ ਵਿਚ ਲਾਰਵਾ ਪਾਇਆ ਗਿਆ। ਇਸ ਦੌਰਾਨ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਰਕਾਰੀ ਰਿਹਾਇਸ਼, ਸਰਕਟ ਹਾਊਸ ਅਤੇ 'ਆਪ' ਪੰਜਾਬ ਦੇ ਪਾਰਟੀ ਦਫ਼ਤਰ ਦੀ ਵੀ ਜਾਂਚ ਕੀਤੀ। ਸਿਹਤ ਮੰਤਰੀ ਨੇ ਮੱਛਰਾਂ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ, ਜਿਨ੍ਹਾਂ ਵਿਚ ਕੂਲਰ, ਫੁੱਲਾਂ ਦੇ ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿਚ ਪਏ ਬਰਤਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਡੇਂਗੂ ਦਾ ਲਾਰਵਾ ਲੱਗਭਗ ਹਰ ਥਾਂ ’ਤੇ ਮਿਲਿਆ ਹੈ, ਜੋ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਡੇਂਗੂ ਇਕ ਘਾਤਕ ਬੀਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ, ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਈਏ।

ਇਹ ਖ਼ਬਰ ਵੀ ਪੜ੍ਹੋ : ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ, ਚੁੱਕਿਆ ਇਹ ਕਦਮ

ਉਨ੍ਹਾਂ ਨੇ ਲੋਕਾਂ ਨੂੰ ਡੇਂਗੂ ਦੇ ਲਾਰਵੇ, ਜਿਸ ਨੂੰ ਮੱਛਰ ਬਣਨ ਵਿਚ ਇਕ ਹਫ਼ਤਾ ਲੱਗ ਜਾਂਦਾ ਹੈ, ਦੇ ਪ੍ਰਜਨਨ ਨੂੰ ਰੋਕਣ ਲਈ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਖੜ੍ਹੇ ਪਾਣੀ ਦੀ ਨਿਕਾਸੀ/ਫਲੱਸ਼ਿੰਗ ਕਰਨ ਲਈ ਪ੍ਰੇਰਿਤ ਕੀਤਾ। ਸਿਹਤ ਮੰਤਰੀ ਨੇ ਘਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਡੇਂਗੂ ਦੇ ਲਾਰਵੇ ਦੇ ਖਾਤਮੇ ਵਿਚ ਸਹਾਈ ਹੋਣ ਵਾਲੇ ਰੋਕਥਾਮ ਉਪਾਵਾਂ ਬਾਰੇ ਜਾਗਰੂਕ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਇਸ ਨੂੰ ਜਨ ਪੱਧਰੀ ਮੁਹਿੰਮ ਬਣਾ ਕੇ ਡੇਂਗੂ ਦੀ ਬੀਮਾਰੀ ਦੇ ਫੈਲਾਅ ਨੂੰ ਰੋਕਣਾ ਹੈ, ਜੋ ਭਾਈਚਾਰਕ ਸ਼ਮੂਲੀਅਤ ਨਾਲ ਹੀ ਸੰਭਵ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਨਾਨੇ ਨੇ ਮਾਸੂਮ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਡੇਂਗੂ ਦੀ ਗੰਭੀਰਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਦਾ ਸਟ੍ਰੇਨ ਹੈਮਰੈਜਿਕ ਵਿਚ ਬਦਲ ਜਾਂਦਾ ਹੈ ਤਾਂ ਇਸ ਨਾਲ ਪਲੇਟਲੈੱਟਸ ਦੀ ਗਿਣਤੀ ਵਿਚ ਕਮੀ ਆ ਸਕਦੀ ਹੈ ਅਤੇ ਇਹ ਮਰੀਜ਼ ਨੂੰ ਗੰਭੀਰ ਰੂਪ ਵਿਚ ਪ੍ਰਭਾਵਿਤ ਕਰਦਾ ਹੈ ਅਤੇ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ’ਚੋਂ ਹਰ ਕੋਈ ਇਸ ਮੁਹਿੰਮ ਵਿਚ ਯੋਗਦਾਨ ਪਾਵੇ ਤਾਂ ਅਸੀਂ ਖੁਦ ਨੂੰ ਅਜਿਹੇ ਨਤੀਜਿਆਂ ਤੋਂ ਬਚਾ ਸਕਦੇ ਹਾਂ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਆਸ਼ਾ ਵਰਕਰਾਂ ਤੱਕ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਗਰੂਕਤਾ ਗਤੀਵਿਧੀਆਂ ਕਰਨ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਕਰਨ ਤਾਂ ਜੋ ਲੋਕਾਂ ਦੇ ਰਵੱਈਏ ਅਤੇ ਵਤੀਰੇ ਨੂੰ ਬਦਲਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਪਿੰਡ ਅਤੇ ਮੁਹੱਲੇ ਵਿਚ ਸਿਹਤ ਕਮੇਟੀਆਂ ਵੱਲੋਂ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਣ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਸਿਵਲ ਸਰਜਨ ਮੁਹਾਲੀ ਡਾ. ਮਹੇਸ਼ ਆਹੂਜਾ, ਸਟੇਟ ਪ੍ਰੋਗਰਾਮ ਅਫ਼ਸਰ (ਐੱਨ. ਵੀ. ਬੀ. ਡੀ. ਸੀ. ਪੀ.) ਡਾ. ਅਰਸ਼ਦੀਪ ਕੌਰ ਅਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Manoj

This news is Content Editor Manoj