ਸਿਹਤ ਮੰਤਰੀ ਵਲੋਂ NHM ਕਰਮਚਾਰੀਆਂ ਨੂੰ ਡਿਊਟੀ ’ਤੇ ਪਰਤਣ ਦੀ ਅਪੀਲ

05/10/2021 12:18:31 AM

ਚੰਡੀਗੜ੍ਹ,(ਸ਼ਰਮਾ): ਸੂਬੇ ਵਿਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਦੇ ਰੋਸ- ਮੁਜ਼ਾਹਰਾ ਕਰ ਰਹੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਸੋਮਵਾਰ ਤੋਂ ਆਪਣੀ ਡਿਊਟੀ ’ਤੇ ਮੁੜ ਹਾਜ਼ਰ ਹੋਣ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਦਿਨ-ਬ-ਦਿਨ ਕੋਵਿਡ-19 ਕੇਸਾਂ ਅਤੇ ਮੌਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ ਪਰ ਸੰਕਟ ਦੀ ਇਸ ਘੜੀ ਵਿਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੀ ਥਾਂ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਇਨਸਾਨੀਅਤ ਦੇ ਲਿਹਾਜ਼ ਨਾਲ ਬਹੁਤ ਮੰਦਭਾਗਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅਤੇ ਸਾਰੇ ਦੇਸ਼ ਵਿਚ ਮੈਡੀਕਲ ਐਮਰਜੈਂਸੀ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੀ ਗੰਭੀਰ ਸਥਿਤੀ ਦੌਰਾਨ 776 ਕਮਿਊਨਿਟੀ ਸਿਹਤ ਅਧਿਕਾਰੀਆਂ (ਸੀ.ਐੱਚ.ਓ.) ਅਤੇ ਐੱਨ.ਐੱਚ.ਐੱਮ. ਕਰਮਚਾਰੀਆਂ ਦੀਆਂ ਕੁਝ ਹੋਰ ਸ਼ਾਖਾਵਾਂ ਵਲੋਂ ਹੜਤਾਲ ’ਤੇ ਜਾਣ ਦਾ ਫੈਸਲਾ ਬੜਾ ਹੈਰਾਨੀਜਨਕ ਹੈ।

Bharat Thapa

This news is Content Editor Bharat Thapa