'ਕੋਰੋਨਾ ਵਾਇਰਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰੇਗਾ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ'

03/12/2020 11:20:32 PM

ਚੰਡੀਗਡ਼੍ਹ/ਲੁਧਿਆਣਾ, (ਸਹਿਗਲ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਵਾਇਰਸ ਦੇ ਸਬੰਧ ’ਚ ਆਮ ਲੋਕਾਂ ’ਚ ਜਾਗਰੂਕਤਾ ਸਰਗਰਮੀਆਂ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਅੱਜ ਇਥੇ ਹੋਈ ਮੀਟਿੰਗ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਕੰਮ ਕਰ ਰਹੇ ਜ਼ਿਲਾ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਵੱਲੋਂ ਭਾਗ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਪੰਜਾਬ ਵੱਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕੋਰੋਨਾ ਵਾਇਰਸ ਦੇ ਸਬੰਧ ’ਚ ਆਪਣੇ ਅਧੀਨ ਆਉਂਦੇ ਇਲਾਕੇ ’ਚ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਸਰਗਰਮੀਆਂ ਦਾ ਪ੍ਰੋਗਰਾਮ ਉਲੀਕ ਕੇ ਫੌਰੀ ਤੌਰ ’ਤੇ ਲਾਗੂ ਕੀਤਾ ਜਾਵੇ ਤਾਂ ਜੋ ਆਮ ਲੋਕਾਂ ’ਚ ਕਿਸੇ ਵੀ ਤਰ੍ਹਾਂ ਦੇ ਡਰ ਦਾ ਮਾਹੌਲ ਪੈਦਾ ਨਾ ਹੋ ਸਕੇ। ਸਿਹਤ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ’ਚ ਕੋਰੋਨਾ ਵਾਇਰਸ ਦੇ ਲੱਛਣਾਂ, ਇਸ ਤੋਂ ਬਚਾਅ ਅਤੇ ਪਰਹੇਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਸ ਮੀਡੀਆ ਵਿੰਗ ਦੀ ਦੇਖ-ਰੇਖ ਹੇਠ ਵਿਸ਼ੇਸ਼ ਜਾਗਰੂਕਤਾ ਕੈਂਪ ਲਾਏ ਜਾਣ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾ ਵਾਇਰਸ ਨੂੰ ਵਿਸ਼ਵ ਪੱਧਰ ਦੀ ਮਹਾਮਾਰੀ ਐਲਾਨਣ ਤੋਂ ਬਾਅਦ ਜੋ ਵੀ ਵਿਅਕਤੀ ਪਿਛਲੇ ਦਿਨਾਂ ’ਚ ਵਿਦੇਸ਼ੀ ਦੌਰੇ ਤੋਂ ਹੋ ਕੇ ਆਇਆ ਹੈ ਜਾਂ ਸ਼ੱਕੀ ਮਰੀਜ਼ ਦੇ ਸੰਪਰਕ ਵਿਚ ਆਇਆ ਹੈ, ਪਰਿਵਾਰਾਂ ਨਾਲ ਰਾਬਤਾ ਰੱਖ ਕੇ ਉਨ੍ਹਾਂ ਦੀ ਸਿਹਤ ’ਤੇ ਰੋਜ਼ਾਨਾ ਅਤੇ ਲਗਾਤਾਰ ਨਜ਼ਰ ਰੱਖੀ ਜਾਵੇ। ਇਸ ਮੌਕੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਅਵਨੀਤ ਕੌਰ, ਸਟੇਟ ਪ੍ਰੋਗਰਾਮ ਅਫਸਰ ਆਈ. ਡੀ. ਐੱਸ. ਪੀ. ਡਾ. ਗਗਨਦੀਪ ਗ੍ਰੋਵਰ, ਓ. ਐੱਸ. ਡੀ. ਡਾ. ਬਲਵਿੰਦਰ ਸਿੰਘ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਵਿਕਰਮ ਗੁਪਤਾ, ਏ. ਪੀ. ਆਰ. ਓ. ਕਰਨ ਮਹਿਤਾ, ਮੀਡੀਆ ਸਲਾਹਕਾਰ ਰੋਹਿਤ ਜਿੰਦਲ, ਪ੍ਰੈੱਸ ਪਬਲੀਸਿਟੀ ਅਫਸਰ ਸੰਤੇਸ਼ ਕੁਮਾਰੀ, ਆਡੀਓ ਵਿਜ਼ੂਅਲ ਅਫਸਰ ਗੁਰਮੀਤ ਸਿੰਘ ਰਾਣਾ, ਸਟੇਟ ਹੈਲਥ ਐਜੂਕੇਟਰ ਹਰਚਰਨ ਸਿੰਘ ਬਰਾਡ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Bharat Thapa

This news is Content Editor Bharat Thapa