ਸਿਹਤ ਵਿਭਾਗ ਨੇ 15 ਕਿਲੋ ਮਠਿਆਈ ਕਰਵਾਈ ਨਸ਼ਟ

07/27/2018 12:53:48 AM

ਅੰਮ੍ਰਿਤਸਰ,  (ਦਲਜੀਤ)-  ਗੁਰੂ ਨਗਰੀ ’ਚ ਭਿਆਨਕ ਕੈਮੀਕਲ ਨਾਲ ਮਠਿਆਈਆਂ ਤਿਆਰ ਹੋ ਰਹੀਅਾਂ ਹਨ। ਸਿਹਤ ਵਿਭਾਗ ਨੇ ਇਕ ਅਜਿਹੀ ਹੀ ਦੁਕਾਨ ’ਤੇ ਛਾਪੇਮਾਰੀ ਕਰਦਿਅਾਂ ਰੰਗ ਨਾਲ ਤਿਆਰ ਕੀਤੀ ਗਈ 15 ਕਿਲੋ ਚਮਚਮ ਦੀ ਮਠਿਆਈ ਨੂੰ ਨਸ਼ਟ ਕਰਵਾਇਆ ਹੈ। ਇਸ ਤੋਂ ਇਲਾਵਾ ਵਿਭਾਗ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਅਾਂ 1 ਦਰਜਨ ਤੋਂ ਵੱਧ ਖਾਧ ਪਦਾਰਥਾਂ ਦੇ ਸੈਂਪਲ ਭਰੇ। ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਖਾਲਸਾ ਗਰਲਜ਼ ਸੀਨੀ. ਸੈਕੰ. ਸਕੂਲ ਦੀ ਮੈੱਸ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ। ਛਾਪੇਮਾਰੀ ਦੌਰਾਨ ਮੈੱਸ ’ਚ ਸਫਾਈ ਵਿਵਸਥਾ ਠੀਕ ਨਹੀਂ ਪਾਈ ਗਈ, ਜਿਸ ਥਾਂ ਖਾਣਾ ਪਕਾਇਆ ਜਾ ਰਿਹਾ ਸੀ, ਉਥੇ ਕਾਫ਼ੀ ਗੰਦਗੀ ਸੀ। ਇਸ ਮਾਮਲੇ ਵਿਚ ਸਕੂਲ ਪ੍ਰਬੰਧਕ ਅਤੇ ਮੈੱਸ ਸੰਚਾਲਕ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿਚ ਸਫਾਈ ਦਾ ਧਿਆਨ ਰੱਖਣਗੇ। ਇਸ ਲਈ ਫਿਲਹਾਲ ਇਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ। ਵਿਭਾਗ ਵੱਲੋਂ ਮੈੱਸ ਸੰਚਾਲਕ ਨੂੰ ਇੰਪਰੂਵਮੈਂਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਛੇਹਰਟਾ ਸਥਿਤ ਰਾਜੂ ਸਵੀਟਸ ਸ਼ਾਪ ’ਚ ਛਾਪੇਮਾਰੀ ਕੀਤੀ ਗਈ। ਇਥੇ ਕੈਮੀਕਲ ਕਲਰ ਨਾਲ ਮਠਿਆਈਅਾਂ ਤਿਆਰ ਕੀਤੀਅਾਂ ਜਾ ਰਹੀਅਾਂ ਸਨ। ਵਿਭਾਗ ਨੇ 15 ਕਿਲੋ ਚਮਚਮ ਨੂੰ ਨਸ਼ਟ ਕਰਵਾਇਆ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਕੈਮੀਕਲ ਯੁਕਤ ਕਲਰ ਦੀ ਵਰਤੋਂ ਵਰਜਿਤ ਹੈ, ਇਸ ਨਾਲ ਕੈਂਸਰ ਤੇ ਕਿਡਨੀ ਸਬੰਧੀ ਰੋਗ ਹੋ ਸਕਦੇ ਹਨ। ਦੁਕਾਨਦਾਰ ਨੂੰ ਚਿਤਾਵਨੀ ਦਿੱਤੀ ਗਈ ਹੈ, ਜੇਕਰ ਭਵਿੱਖ ਵਿਚ ਉਹ ਮਠਿਆਈਆਂ ’ਚ ਰੰਗ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ। ਛੇਹਰਟਾ ਸਥਿਤ 2 ਕਰਿਆਨਾ ਸਟੋਰਾਂ ’ਚ ਛਾਪੇਮਾਰੀ ਕਰ ਕੇ ਹਲਦੀ, ਮਿਰਚ, ਤੇਲ, ਵੇਸਣ, ਬਿਸਕੁਟ ਦੇ ਸੈਂਪਲ ਲਏ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਤੋਂ ਸ਼ਹਿਰ ਵੱਲ ਆਉਣ ਵਾਲੇ ਦੋਧੀਆਂ ਨੂੰ ਰੋਕ ਕੇ ਦੁੱਧ ਦੇ ਸੈਂਪਲ ਵੀ ਭਰੇ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਜੋ ਦੁਕਾਨਦਾਰ ਇਸ ਐਕਟ ਤਹਿਤ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਪ੍ਰਾਪਤ ਨਹੀਂ ਕਰਦਾ, ਉਸ ਖਿਲਾਫ ਸਖ਼ਤ ਐਕਸ਼ਨ ਹੋਵੇਗਾ। ਉਹ ਦੁਕਾਨਦਾਰਾਂ ਨੂੰ ਕੈਂਪ ਲਾ ਕੇ ਜਾਗਰੂਕ ਕਰ ਰਹੇ ਹਨ ਕਿ ਉਹ ਸਫਾਈ ਦਾ ਧਿਆਨ ਰੱਖਣ। ਮਿਲਾਵਟੀ ਸਾਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਕਰਨ।