ਆ ਗਏ ਓਏ.. ਆ ਗਏ.. ਸੈਂਪਲ ਵਾਲਿਆਂ ਨੂੰ ਵੇਖ ਦੁਕਾਨਦਾਰ ਸ਼ਟਰ ਸੁੱਟ ਕੇ ਭੱਜੇ

10/13/2017 4:05:12 AM

ਮੁੱਲਾਂਪੁਰ ਦਾਖਾ(ਕਾਲੀਆ, ਸੰਜੀਵ)-ਦੀਵਾਲੀ ਦੇ ਪਵਿੱਤਰ ਦਿਨ 'ਤੇ ਨਕਲੀ ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਸਬੰਧ 'ਚ ਅੱਜ ਜ਼ਿਲਾ ਸਿਹਤ ਅਫਸਰ ਮੈਡਮ ਡਾ. ਅੰਦੇਸ਼ ਕੰਗ, ਫੂਡ ਸੇਫਟੀ ਅਫਸਰ ਯੁਗੇਸ਼ ਗੋਇਲ ਅਤੇ ਰੋਬਿਨ ਕੁਮਾਰ ਦੀ ਟੀਮ ਨੇ ਜਿਉਂ ਹੀ ਸ਼ਹਿਰ ਵਿਚ ਦਸਤਕ ਦਿੱਤੀ ਤਾਂ ਸੈਂਪਲਾਂ ਵਾਲਿਆਂ ਦੀ ਟੀਮ ਨੂੰ ਵੇਖ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਭੱਜ ਗਏ ਅਤੇ ਸ਼ਹਿਰ ਵਿਚ ਇਕਦਮ ਸੰਨਾਟਾ ਛਾ ਗਿਆ। ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਸ਼ਹਿਰ ਵਿਚ ਦੋ ਮਠਿਆਈਆਂ ਅਤੇ ਇਕ ਬੇਕਰੀ ਤੋਂ ਸੈਂਪਲ ਲਏ ਗਏ ਹਨ ਜਿਨ੍ਹਾਂ ਨੂੰ ਲੈਬ ਟੈਸਟ ਲਈ ਭੇਜਿਆ ਜਾਵੇਗਾ। ਜੇਕਰ ਉਹ ਫੇਲ ਹੋਏ ਤਾਂ ਉਕਤ ਦੁਕਾਨਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਲਾਵਟੀ ਖੋਏ, ਪਨੀਰ ਆਦਿ ਪਦਾਰਥਾਂ ਤੋਂ ਤਿਆਰ ਕਰਨ ਵਾਲੇ ਦੁਕਾਨਦਾਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਮਿਲਾਵਟਖੋਰਾਂ ਵਿਰੁੱਧ ਇਹ ਸੈਂਪਲ ਭਰਨ ਦੀ ਪ੍ਰਕਿਰਿਆ ਜਾਰੀ ਰਹੇਗੀ।