ਮਾਮਲਾ ਸਮੋਸੇ ''ਚੋਂ ਬਲੈਡ ਨਿਕਲਣ ਦਾ : ਇਕ ਹਫਤੇ ਬਾਅਦ ਖੁੱਲ੍ਹੀ ਸਿਹਤ ਵਿਭਾਗ ਦੀ ਨੀਂਦ

09/22/2017 11:42:30 AM

ਸ਼ੇਰਪੁਰ (ਅਨੀਸ਼) — ਬੀਤੇ ਦਿਨੀਂ ਕਸਬੇ ਦੇ ਕਾਤਰੋਂ ਚੌਂਕ 'ਚ ਸਥਿਤ ਇਕ ਨਾਮੀ ਹੋਟਲ ਤੋਂ ਇਕ ਵਿਅਕਤੀ ਨੇ ਸਮੋਸੇ ਖਰੀਦ ਸਨ, ਜਿਸ 'ਚੋਂ ਪੂਰਾ ਬਲੇਡ ਨਿਕਲਿਆ ਸੀ ਪਰ ਅਖਬਾਰਾਂ 'ਚ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੀ ਟੀਮ ਨੇ ਹੋਟਲ ਦੀ ਜਾਂਚ ਕਰਨੀ ਮੁਨਾਸਿਬ ਨਹੀਂ ਸਮਝੀ। ਇਕ ਹਫਤੇ ਬੀਤ ਜਾਣ ਤੋਂ ਬਾਅਦ ਆਖਿਰ ਸਿਹਤ ਵਿਭਾਗ ਦੀ ਨੀਂਦ ਖੁੱਲ੍ਹੀ ਤੇ ਉਕਤ ਹੋਟਲ 'ਤੇ ਆ ਕੇ ਸਿਹਤ ਵਿਭਾਗ ਦੇ ਅਫਸਰ ਡਾ. ਹਰਜੋਤਪਾਲ ਸਿੰਘ ਤੇ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਨੇ ਸਮੋਸੇ ਤੇ ਬਰਫੀ ਦੇ ਸੈਂਪਲ ਲਏ। ਇਸ ਸੰਬੰਧੀ ਜਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਤਿਉਹਾਰਾਂ ਦੇ ਮੱਦੇਨਜ਼ਰ ਸੈਂਪਲ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਹੀ ਹੋਟਲਾਂ ਤੇ ਰੈਸਟੋਰੈਂਟਾਂ ਦੀ ਜਾਂਚ ਕੀਤੀ ਜਾਂਦੀ ਹੈ, ਜਦ ਕਿ ਕੁਝ ਹੋਟਲਾਂ ਵਾਲੇ ਮਿਲਾਵਟੀ ਚੀਜ਼ਾਂ ਵੇਚ ਕੇ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ , ਜੇਕਰ ਇਸ ਸੰਬੰਧੀ ਵਿਜੀਲੈਂਸ ਜਾਂਚ ਕੀਤੀ ਜਾਵੇ ਤਾਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ।
ਜਦ ਇਸ ਸੰਬੰਧੀ ਜਨਹਿੱਤ 'ਚ ਕੰਮ ਕਰਦੀ ਸੰਸਥਾ ਪਬਲਿਕ ਹੈਲਪਲਾਈਨ ਦੇ ਆਗੂ ਨਵਲਜੀਤ ਗਰਗ ਤੇ ਸੋਨੀ ਗਰਗ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੁਝ ਹੋਟਲਾਂ ਵਲੋਂ ਮਿਲਾਵਟੀ ਚੀਜ਼ਾਂ ਵੇਚ ਕੇ ਸਾਰਾ ਸਾਲ ਲੋਕਾਂ ਦੇ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਪਰ ਸਿਹਤ ਵਿਭਾਗ ਦੇ ਅਧਿਕਾਰੀ ਇਸ ਤਰ੍ਹਾਂ ਨਾਲ ਅੱਖਾਂ ਬੰਦ ਕਰਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਦੇ ਸਿਹਤ ਮੰਤਰੀ ਨੂੰ ਵੀ ਸੰਸਥਾ ਵਲੋਂ ਪੱਤਰ ਲਿਖ ਕੇ ਜਾਂਚ ਕਰਵਾਉਣ ਦੀ ਮੰਗ ਕਰਨਗੇ।