ਚਲਾਨ ਪੇਸ਼ ਕਰਨ ਲਈ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਕੋਲੋਂ ਪੈਸੇ ਮੰਗਣ ਵਾਲਾ ਹੈੱਡ ਕਾਂਸਟੇਬਲ ਸਸਪੈਂਡ

07/23/2018 4:00:50 PM

ਜਲੰਧਰ (ਵਰੁਣ)— ਚਲਾਨ ਪੇਸ਼ ਕਰਨ ਦੀ ਆੜ 'ਚ ਮ੍ਰਿਤਕ ਬੱਚੇ ਮਨੋਜ ਦੇ ਪਰਿਵਾਰ ਵਾਲਿਆਂ ਕੋਲੋਂ ਪੈਸੇ ਮੰਗਣ ਵਾਲੇ ਥਾਣਾ ਮਕਸੂਦਾਂ ਦੇ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੂੰ ਪੁਲਸ ਅਧਿਕਾਰੀਆਂ ਨੇ ਸਸਪੈਂਡ ਕਰ ਦਿੱਤਾ ਹੈ। 'ਜਗ ਬਾਣੀ' 'ਚ ਖਬਰ ਛਪਣ ਤੋਂ ਬਾਅਦ ਅਧਿਕਾਰੀਆਂ ਨੇ ਇਹ ਐਕਸ਼ਨ ਲਿਆ। ਅਧਿਕਾਰੀ ਹੁਣ ਹੈੱਡ ਕਾਂਸਟੇਬਲ ਮਨਜੀਤ ਸਿੰਘ ਨੂੰ ਵਿਭਾਗੀ ਜਾਂਚ 'ਚ ਵੀ ਤਲਬ ਕਰਨਗੇ।
ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪੁਲਸ ਕਰਮਚਾਰੀ ਅਜਿਹੀ ਗਲਤੀ ਕਰੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅੰਬ ਤੋੜਨ 'ਤੇ ਹੋਏ ਝਗੜੇ 'ਚ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ 'ਚ ਮਕਸੂਦਾਂ ਥਾਣੇ ਦੀ ਪੁਲਸ ਨੇ ਮੁਲਜ਼ਮ ਮੁਹੰਮਦ ਅਲੀ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹ ਜੇਲ 'ਚ ਹੈ। ਇਸੇ ਕੇਸ 'ਚ ਕੋਰਟ 'ਚ ਚਲਾਨ ਪੇਸ਼ ਕਰਨ ਅਤੇ ਸਰਕਾਰੀ ਵਕੀਲਾਂ ਨੂੰ ਪੈਸੇ ਦੇਣ ਦੇ ਨਾਂ 'ਤੇ ਹੈੱਡ ਕਾਂਸਟੇਬਲ ਮਨਜੀਤ ਨੇ ਮਨੋਜ ਦੇ ਪਿਤਾ ਕਮਲੇਸ਼ ਦੇ ਨੰਬਰ 'ਤੇ ਫੋਨ ਕਰ ਕੇ ਪੈਸੇ ਮੰਗੇ ਸਨ, ਜਿਸ ਦੀ ਇਹ ਸਾਰੀ ਗੱਲਬਾਤ ਦੀ ਆਡੀਓ ਜੋ 1 ਮਿੰਟ 23 ਸਕਿੰਟ ਦੀ ਹੈ, ਵਾਇਰਲ ਹੋ ਗਈ ਸੀ। 'ਜਗ ਬਾਣੀ' ਨੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੁਲਜ਼ਮ ਹੈੱਡ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ।