ਥਾਣਾ ਗੁਰੂਹਰਸਹਾਏ ਦਾ ਹੈੱਡ ਕਾਂਸਟੇਬਲ ਰਤਨ ਸਿੰਘ ਸਸਪੈਂਡ

06/10/2019 9:54:46 AM

ਗੁਰੂਹਰਸਹਾਏ (ਆਵਲਾ) – ਬੀਤੇ ਦਿਨ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ਿਆਂ ਖਿਲਾਫ ਪੰਜਾਬ ਪੁਲਸ ਵਲੋਂ ਕਰਵਾਏ ਸੈਮੀਨਾਰ 'ਚ ਐੱਸ. ਟੀ. ਐੱਫ. ਦੇ ਆਈ. ਜੀ. ਅਤੇ ਫਿਰੋਜ਼ਪੁਰ ਪੁਲਸ ਦੇ ਅਧਿਕਾਰੀਆਂ ਸਾਹਮਣੇ ਗੁਰੂਹਰਸਹਾਏ ਨਿਵਾਸੀ ਸੁਰਿੰਦਰ ਕੁਮਾਰ ਅਤੇ ਹੋਰ ਲੋਕਾਂ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਥਾਣਾ ਗੁਰੂਹਰਸਹਾਏ ਦੇ ਹੈੱਡ ਕਾਂਸਟੇਬਲ ਰਤਨ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਗੁਰੂਹਰਸਹਾਏ ਗੁਰਜੀਤ ਸਿੰਘ ਅਤੇ ਐੱਸ. ਐੱਚ. ਓ. ਜਸਵਰਿੰਦਰ ਸਿੰਘ ਨੇ ਦੱਸਿਆ ਕਿ ਸੈਮੀਨਾਰ 'ਚ ਗੁਰੂਹਰਸਹਾਏ ਨਿਵਾਸੀ ਸੁਰਿੰਦਰ ਕੁਮਾਰ ਅਤੇ ਲੋਕਾਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਹੈੱਡ ਕਾਂਸਟੇਬਲ ਤਨ ਸਿੰਘ ਨਸ਼ੇ ਦੇ ਸੌਦਾਗਰਾਂ ਨਾਲ ਮਿਲਿਆ ਹੋਇਆ ਹੈ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੀ ਮਦਦ ਕਰਦਾ ਹੈ। ਸ਼ਹਿਰ ਵਿਚ ਸ਼ਰੇਆਮ ਨਸ਼ਾ ਵਿਕਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਮੀਨਾਰ ਉਪਰੰਤ ਐੱਚ. ਸੀ. ਰਤਨ ਸਿੰਘ ਨੂੰ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸੈਮੀਨਾਰ 'ਚ ਸੁਰਿੰਦਰ ਕੁਮਾਰ ਅਤੇ ਹੋਰ ਲੋਕਾਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਐੱਚ. ਸੀ. ਰਤਨ ਸਿੰਘ ਦਾ ਲੜਕਾ ਵੀ ਨਸ਼ੇ ਦੀ ਦਲਦਲ 'ਚ ਫਸਿਆ ਹੋਇਆ ਹੈ। ਸੈਮੀਨਾਰ 'ਚ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਕਈ ਵਾਰ ਲੋਕਲ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਨਸ਼ੇ ਦੇ ਸੌਦਾਗਾਰਾਂ ਖਿਲਾਫ ਕਦੇ ਕੋਈ ਕਾਰਵਾਈ ਕੀਤੀ ਗਈ। ਸੈਮੀਨਾਰ 'ਚ ਮੌਜੂਦ ਰਹੇ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਸੁਰਿੰਦਰ ਕੁਮਾਰ ਨੂੰ ਸਟੇਜ 'ਤੇ ਬੁਲਾ ਕੇ ਸੁਣਿਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ।

ਬੁੱਕ ਆਫ ਦੀ ਰਿਕਾਰਡ 'ਚ ਨਾਂ ਦਰਜ ਹੈ ਹੈੱਡ ਕਾਂਸਟੇਬਲ ਰਤਨ ਸਿੰਘ ਦਾ
6 ਜੁਲਾਈ 2018 ਨੂੰ ਹੈੱਡ ਕਾਂਸਟੇਬਲ ਰਤਨ ਸਿੰਘ ਨੇ ਮੋਟਰਸਾਈਕਲ ਉਪਰ ਖੜ੍ਹੇ ਹੋ ਕੇ 80 ਕਿਲੋਮੀਟਰ ਦਾ ਸਫਰ ਤਹਿ ਕੀਤਾ ਸੀ, ਜਿਸ ਦੇ ਲਈ ਉਸ ਦਾ ਨਾਂ ਬੁੱਕ ਆਫ ਦੀ ਰਿਕਾਰਡ 'ਚ ਦਰਜ ਹੋ ਚੁੱਕਾ ਹੈ।

ਨਸ਼ਾ ਫੜਨ ਗਏ ਹੈੱਡ ਕਾਂਸਟੇਬਲ ਰਤਨ ਸਿੰਘ 'ਤੇ ਹੋਇਆ ਸੀ ਹਮਲਾ
ਬੀਤੀ 4 ਅਪ੍ਰੈਲ ਨੂੰ ਗੁਰੂਹਰਸਹਾਏ ਦੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਉਤਲਾ ਵਿਹੜਾ 'ਚ ਨਸ਼ੇ ਦੀ ਮੁਖਬਰੀ 'ਤੇ ਐੱਸ. ਆਈ. ਦਰਸ਼ਨ ਸਿੰਘ ਦੇ ਨਾਲ ਹੈੱਡ ਕਾਂਸਟੇਬਲ ਰਤਨ ਸਿੰਘ ਪੁਲਸ ਪਾਰਟੀ ਨਾਲ ਨਸ਼ਾ ਸਮੱਗਲਰ ਨੂੰ ਫੜ ਗਏ ਸੀ, ਜਿਥੇ ਨਸ਼ਾ ਸਮੱਗਲਰ ਦੇ ਪਰਿਵਾਰ ਨੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ 'ਚ ਐੱਚ. ਸੀ. ਰਤਨ ਸਿੰਘ ਜ਼ਖਮੀ ਹੋ ਗਿਆ ਸੀ।

rajwinder kaur

This news is Content Editor rajwinder kaur