ਗੋਲੀ ਚੱਲਣ ਨਾਲ ਹੌਲਦਾਰ ਜ਼ਖ਼ਮੀ

04/01/2018 11:23:50 AM

ਬੁਢਲਾਡਾ (ਮਨਚੰਦਾ)- ਇੱਥੋਂ ਦੇ ਥਾਣਾ ਸਿਟੀ 'ਚ ਤਾਇਨਾਤ ਹੌਲਦਾਰ ਨਾਜ਼ਰ ਬੀਤੀ ਰਾਤ ਆਪਣੇ ਸਿਰਹਾਣੇ ਹੇਠ ਰੱਖੀ ਬੰਦੂਕ ਦੇ ਅਚਾਨਕ ਚੱਲ ਜਾਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।  ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਪਾਸੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਹੌਲਦਾਰ ਨਾਜ਼ਰ ਸਿੰਘ ਬੀਤੀ ਸ਼ਾਮ ਆਪਣੀ ਡਿਊਟੀ ਖ਼ਤਮ ਕਰ ਕੇ ਇੱਥੇ ਨੇੜਲੇ ਆਪਣੇ ਜੱਦੀ ਪਿੰਡ ਬੋੜਾਵਾਲ ਵਿਖੇ ਰਾਤ ਨੂੰ ਆਪਣੇ ਘਰ 'ਚ ਬਾਰਾਂ ਬੋਰ ਬੰਦੂਕ ਸਿਰਹਾਣੇ ਰੱਖ ਕੇ ਸੁੱਤਾ ਪਿਆ ਸੀ ਤਾਂ ਉਸ ਦੇ ਸਿਰਹਾਣੇ ਹੇਠੋਂ ਬਾਰਾਂ ਬੋਰ ਬੰਦੂਕ ਅਚਾਨਕ ਧਰਤੀ 'ਤੇ ਡਿੱਗ ਜਾਣ ਕਾਰਨ ਚੱਲ ਗਈ, ਜਿਸ ਦੇ ਚੱਲਣ ਨਾਲ ਹੌਲਦਾਰ ਦਾ ਮੂੰਹ (ਜਬਾੜਾ) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਮੌਕੇ ਦੀ ਸਥਿਤੀ ਨੂੰ ਸੰਭਾਲਦਿਆਂ ਹੌਲਦਾਰ ਨੂੰ ਤੁਰੰਤ ਬਠਿੰਡਾ ਦੇ ਮੈਕਸ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਉਹ ਹੁਣ ਜ਼ੇਰੇ ਇਲਾਜ ਹੈ।  ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰੰਧੀ ਥਾਣਾ ਸਦਰ ਦੇ ਮੁਲਾਜ਼ਮ ਹਾਦਸਾਗ੍ਰਸਤ ਹੌਲਦਾਰ ਦੇ ਬਿਆਨ ਕਲਮਬੱਧ ਕਰਨ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੌਲਦਾਰ ਦੇ ਬਿਆਨਾਂ ਦੀ ਰਿਪੋਰਟ ਆਉਣ 'ਤੇ ਹੀ ਅਗਲੀ ਕਾਰਵਾਈ ਦੀ ਜਾਂਚ-ਪੜਤਾਲ ਕੀਤੀ ਜਾਵੇਗੀ।