ਹਰਿਆਣਾ ਪੁਲਸ ਦੇ ਕਾਂਸਟੇਬਲ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ, ਮੌਤ

09/21/2019 1:02:52 AM

ਚੰਡੀਗੜ੍ਹ,(ਸੰਦੀਪ): ਹਰਿਆਣਾ ਸਰਕਾਰ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਐਂਡ ਅਰਬਨ ਅਸਟੇਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਏ. ਕੇ. ਸਿੰਘ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਪਹਿਚਾਣ ਸੈਕਟਰ-39 ਸਥਿਤ ਸਰਕਾਰੀ ਘਰ 'ਚ ਰਹਿਣ ਵਾਲੇ ਕਾਂਸਟੇਬਲ ਸੋਨੂ ਸਿੰਘ (35) ਦੇ ਤੌਰ 'ਤੇ ਹੋਈ ਹੈ। ਸੋਨੂ ਨੇ ਸ਼ੁੱਕਰਵਾਰ ਸ਼ਾਮ ਆਪਣੇ ਘਰ 'ਚ ਹੀ ਖੁਦ ਨੂੰ ਗੋਲੀ ਮਾਰ ਲਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸੈਕਟਰ-39 ਥਾਣਾ ਪੁਲਸ ਨੇ ਤੁਰੰਤ ਉਸ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੋਨੂ ਨੇ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰੀ ਹੈ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ।

ਫੋਨ ਆਉਣ ਤੋਂ ਬਾਅਦ ਗਿਆ ਸੀ ਬਾਹਰ, ਵਾਪਸ ਆਉਂਦੇ ਹੀ ਮਾਰੀ ਗੋਲੀ
ਸ਼ੁੱਕਰਵਾਰ ਸ਼ਾਮ ਨੂੰ ਸੈਕਟਰ-39 ਥਾਣਾ ਪੁਲਸ ਨੂੰ ਸੂਚਨਾ ਮਿਲੀ ਕਿ ਇਥੇ ਸਰਕਾਰੀ ਘਰ 'ਚ ਰਹਿਣ ਵਾਲੇ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਅਮਜੋਤ ਸਿੰਘ ਤੇ ਫਾਰੈਂਸਿਕ ਟੀਮ ਮੌਕੇ 'ਤੇ ਪਹੁੰਚੀ। ਸੋਨੂ ਪਿਛਲੇ ਕੁਝ ਦਿਨਾਂ ਤੋਂ ਛੁੱਟੀ 'ਤੇ ਚੱਲ ਰਿਹਾ ਸੀ। ਉਹ ਪਰਿਵਾਰ ਨਾਲ ਦੋ ਦਿਨਾਂ ਬਾਅਦ ਵੈਸ਼ਨੋ ਦੇਵੀ ਜਾਣ ਵਾਲਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਉਹ ਪਰਿਵਾਰ ਨਾਲ ਖਰੀਦਦਾਰੀ ਕਰਨ ਬਾਜ਼ਾਰ ਗਿਆ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਆਇਆ ਤਾਂ ਉਸ ਨੂੰ ਕਿਸੇ ਦਾ ਫ਼ੋਨ ਆਇਆ ਤੇ ਫ਼ੋਨ ਸੁਣਨ ਤੋਂ ਬਾਅਦ ਉਹ ਘਰੋਂ ਚਲਾ ਗਿਆ। ਸ਼ਾਮ 6 ਵਜੇ ਉਹ ਗ਼ੁੱਸੇ 'ਚ ਘਰ ਆਇਆ ਤੇ ਪਿਛਲੇ ਕਮਰੇ 'ਚ ਚਲਾ ਗਿਆ। ਸੋਨੂ ਦੇ ਦੋਵੇਂ ਬੱਚੇ ਟਿਊਸ਼ਨ ਗਏ ਹੋਏ ਸਨ। ਕਮਰੇ 'ਚੋਂ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਪਰਿਵਾਰ ਦੇ ਮੈਂਬਰ ਅਤੇ ਆਸ-ਪਾਸ ਦੇ ਲੋਕ ਕਮਰੇ 'ਚ ਪੁੱਜੇ ਤਾਂ ਉਹ ਲਹੂ-ਲੁਹਾਨ ਹਾਲਤ 'ਚ ਪਿਆ ਸੀ। ਸੋਨੂ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ, ਦੂਜੀ ਪਤਨੀ ਨਾਲ ਉਸ ਦਾ ਵਿਵਾਦ ਚੱਲ ਰਿਹਾ ਹੈ।