''ਆਪ'' ਵਿਧਾਇਕ ਐੱਚ. ਐੱਸ. ਫੂਲਕਾ ਨੇ ਟਾਲਿਆ ਆਪਣਾ ਅਸਤੀਫਾ

09/13/2018 6:51:42 PM

ਜਲੰਧਰ/ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫਾ ਦੇਣ ਦੇ ਫੈਸਲੇ ਨੂੰ ਟਾਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸਤੀਫੇ ਨੂੰ ਲੈ ਕੇ ਆਪਣੀ ਅਗਲੀ ਰਣਨੀਤੀ ਬਾਰੇ ਉਹ ਹੁਣ 20 ਸਤੰਬਰ ਤੋਂ ਬਾਅਦ ਦੱਸਣਗੇ। ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਦੇ ਕਾਰਨ ਜਸਟਿਸ ਰਣਜੀਤ ਸਿੰਘ ਦੀ ਰਿਪਰੋਟ 'ਤੇ ਜਾਂਚ ਦਾ ਮਸਲਾ ਲਟਕ ਰਿਹਾ ਹੈ। ਫੂਲਕਾ ਨੇ ਕਿਹਾ ਕਿ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੀ ਸਿਫਾਰਸ਼ ਤਹਿਤ ਪੁਲਸ ਅਫਸਰਾਂ ਖਿਲਾਫ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਦੀ ਅਗਲੀ ਸੁਣਵਾਈ 20 ਸਤੰਬਰ ਨੂੰ ਹੈ। ਫੂਲਕਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕਰ ਸਕਦੀ ਤਾਂ ਸਾਫ ਹੈ ਕਿ ਉਹ ਬੇਅਦਬੀ ਮਾਮਲਿਆਂ ਨੂੰ ਲਟਕਾਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਐੱਚ. ਐੱਸ. ਫੂਲਕਾ ਨੇ ਇਸ ਮਾਮਲੇ 'ਚ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਨੂੰ 15 ਤਰੀਕ ਤੱਕ ਅਲਟੀਮੇਟਮ ਦਿੱਤਾ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਬੇਅਦਬੀ ਮਾਮਲੇ 'ਚ ਦੋਸ਼ੀਆਂ ਖਿਲਾਫ 15 ਤਰੀਕ ਕਾਰਵਾਈ ਨਹੀਂ ਹੁੰਦੀ ਤਾਂ ਉਹ 16 ਤਰੀਕ ਨੂੰ ਅਸਤੀਫਾ ਦੇ ਦੇਣਗੇ ਪਰ ਹੁਣ ਹਾਈਕੋਰਟ ਵੱਲੋਂ 20 ਸਤੰਬਰ ਤੱਕ ਪੁਲਸ ਅਫਸਰਾਂ ਖਿਲਾਫ ਰੋਕ ਲਗਾਉਣ ਨੂੰ ਲੈ ਕੇ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫਾ ਟਾਲ ਦਿੱਤਾ ਹੈ।