ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਲੋਕਾਂ ਨੂੰ ਰੇਲਵੇ ਦਾ ਤੋਹਫਾ, ਸ਼ੁਰੂ ਹੋਈ ਇਹ ਟਰੇਨ

10/06/2018 3:47:59 PM

ਚੰਡੀਗੜ੍ਹ/ਨਾਂਦੇੜ ਸਾਹਿਬ— ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਅਤੇ ਜੰਮੂ 'ਚ ਮਾਤਾ ਮਨਸਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਰੇਲਵੇ ਵੱਲੋਂ ਸ੍ਰੀ ਨਾਂਦੇੜ ਸਾਹਿਬ ਅਤੇ ਜੰਮੂ ਵਿਚਕਾਰ ਇਕ ਨਵੀਂ ਰੇਲ ਗੱਡੀ ਸ਼ੁਰੂ ਕੀਤੀ ਗਈ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਸ੍ਰੀ ਨਾਂਦੇੜ ਸਾਹਿਬ ਵਿਖੇ ਨਾਂਦੇੜ-ਜੰਮੂ ਜਾਣ ਵਾਲੀ ਸੁਪਰਫਾਸਟ ਹਮਸਫਰ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਹ ਰੇਲ ਗੱਡੀ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਅਤੇ ਜੰਮੂ ਵਿਚ ਮਾਤਾ ਮਨਸਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਉੱਤਰਾਖੰਡ ਵਿਚ ਸ੍ਰੀ ਹੇਮਕੁੰਟ ਸਾਹਿਬ, ਹਰਿਦੁਆਰ, ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਵਰਦਾਨ ਸਾਬਤ ਹੋਵੇਗੀ।

ਨਵੀਂ ਰੇਲਗੱਡੀ ਲਈ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ''ਵਾਹਿਗੁਰੂ ਜੀ ਦੀ ਆਪਾਰ ਕ੍ਰਿਪਾ ਤੇ ਮਿਹਰਬਾਨੀਆਂ ਸਦਕਾ ਮੈਨੂੰ ਅੱਜ ਸ੍ਰੀ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ ਜੰਮੂ (ਜੰਮੂ-ਕਸ਼ਮੀਰ) ਤਕ ਰੇਲਵੇ ਵਿਭਾਗ ਵੱਲੋਂ ਨਵੀਂ ਚਲਾਈ ਮੁਸਾਫਰ ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਦਾ ਸੁਭਾਗਾ ਸਮਾਂ ਮਿਲਿਆ, ਜਿਸ ਲਈ ਮੈਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੀ ਆਪਣੀ ਨਿਮਾਣੀ ਜਿਹੀ ਸੇਵਕ ਤੋਂ ਇਹ ਸੇਵਾ ਲਈ।''
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੀਂ ਗੱਡੀ ਚੱਲਣ ਨਾਲ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਹੋਰ ਵੱਧ ਸਹੂਲਤ ਮਿਲ ਸਕੇਗੀ। ਇਸ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਜੀ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੇਰੀ ਇਹ ਬੇਨਤੀ ਮਨਜ਼ੂਰ ਕੀਤੀ ਅਤੇ ਇਹ ਨਵੀਂ ਗੱਡੀ ਚਲਾਈ।