ਬੀਬੀ ਬਾਦਲ ਦੇ ਗੰਨਮੈਨਾਂ ਦਾ ਦਰੜਿਆ ਫਰਿਆਦੀ ਧਾਂਹਾਂ ਮਾਰ ਕੇ ਰੋਇਆ

08/30/2015 7:50:54 PM

ਬਠਿੰਡਾ (ਬਲਵਿੰਦਰ) - ਅਕਸਰ ਹੁੰਦਾ ਹੈ ਕਿ ਵੱਡੇ ਲੀਡਰਾਂ ਦੇ ਗੰਨਮੈਨ ਆਮ ਲੋਕਾਂ ਨੂੰ ਧੱਕੇ ਮਾਰਦੇ ਹਨ। ਅਕਸਰ ਵਾਂਗ ਹੀ ਐਤਵਾਰ ਵੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਗੰਨਮੈਨਾਂ ਨੇ ਇਕ ਬਜ਼ੁਰਗ ਫਰਿਆਦੀ ਨੂੰ ਧੱਕੇ ਮਾਰੇ, ਜੋ ਧਾਂਹਾਂ ਮਾਰ ਕੇ ਰੋਣ ਲੱਗਾ। ਜਦੋਂ ਕਾਫਲਾ ਰੁਕਿਆ ਤਾਂ ਉਸਨੇ ਬੀਬੀ ਬਾਦਲ ਕੋਲ ਜਾਣ ਤੋਂ ਹੀ ਇਨਕਾਰ ਕਰ ਦਿੱਤਾ।
ਹੋਇਆ ਇੰਝ ਕਿ ਬੀਬੀ ਬਾਦਲ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 309ਵੇਂ ਸੰਪੂਰਨਤਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ ਜਦੋਂ ਉਹ ਤਖ਼ਤ ਸਾਹਿਬ ਤੋਂ ਬਾਹਰ ਨਿਕਲ ਕੇ ਚੱਲਣ ਲੱਗੇ ਤਾਂ ਪਿੰਡ ਘੁੱਦਾ ਦਾ ਇਕ ਗਰੀਬ ਗੁਰਜੀਤ ਸਿੰਘ, ਜਿਸਦੇ ਹੱਥ ''ਚ ਕੁਝ ਕਾਗਜ਼ ਫੜ੍ਹੇ ਹੋਏ ਸਨ, ਨੇ ਬੀਬੀ ਬਾਦਲ ਨੂੰ ਮਿਲ ਕੇ ਆਪਣੀ ਫਰਿਆਦ ਸੁਣਾਉਣੀ ਚਾਹੀ। ਜਿਉਂ ਹੀ ਉਹ ਅੱਗੇ ਵਧਿਆ ਤਾਂ ਗੰਨਮੈਨਾਂ ਨੇ ਉਸਨੂੰ ਧੱਕੇ ਮਾਰ ਕੇ ਪਿਛਾਂਹ ਸੁੱਟ ਦਿੱਤਾ। ਫਿਰ ਉਹ ਧਾਂਹਾਂ ਮਾਰ ਕੇ ਉੱਚੀ-ਉੱਚੀ ਰੋਣ ਲੱਗਾ।
ਰੋਣ ਦੀ ਆਵਾਜ਼ ਸੁਣ ਕੇ ਮੰਤਰੀ ਨੇ ਕਾਫਲਾ ਰੋਕ ਦਿੱਤਾ ਤੇ ਉਸਨੂੰ ਦੁੱਖ ਦੱਸਣ ਲਈ ਸੁਨੇਹਾ ਭੇਜਿਆ ਪਰ ਉਸਦਾ ਕਹਿਣਾ ਸੀ ਕਿ ''ਪਹਿਲਾਂ ਧੱਕੇ ਕਿਉਂ ਮਾਰੇ, ਹੁਣ ਉਹ ਨਹੀਂ ਆਵੇਗਾ''। ਫਿਰ ਮੰਤਰੀ ਦਾ ਨਿੱਜੀ ਸਹਾਇਕ ਉਸ ਕੋਲ ਆਇਆ ਤੇ ਕਾਗਜ਼ ਫੜ੍ਹ ਕੇ ਲੈ ਗਿਆ, ਜਿਸਨੇ ਭਰੋਸਾ ਵੀ ਦਿਵਾਇਆ ਕਿ ਉਹ ਉਸਦੀ ਸਮੱਸਿਆ ਦਾ ਹੱਲ ਕਰਨਗੇ। ਫਰਿਆਦੀ ਦਾ ਕਹਿਣਾ ਸੀ ਕਿ ਉਸਦੀ ਧੀ ਨੇ ਦਸਵੀਂ ਪਾਸ ਕੀਤੀ ਹੈ, ਪਰ ਉਹ ਉਸਨੂੰ ਅੱਗੇ ਪੜ੍ਹਾਉਣ ''ਚ ਅਸਮਰਥ ਹੈ। ਇਸ ਲਈ ਉਕਤ ਦਾ ਕਿਧਰੇ ਦਾਖਲਾ ਹੋ ਜਾਵੇ ਜਾਂ ਕੋਈ ਹੋਰ ਸਹਾਇਤਾ ਮਿਲ ਜਾਵੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

This news is Content Editor Gurminder Singh