ਪੰਜਾਬ ਦੀ ਕਾਂਗਰਸ ਸਰਕਾਰ ਕਾਰਨ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ : ਹਰਸਿਮਰਤ ਬਾਦਲ

10/20/2018 6:48:45 PM

ਨਵੀਂ ਦਿੱਲੀ (ਵਾਰਤਾ)— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਅਤੇ ਅਕਾਲੀ ਦਲ ਦੀ ਮੁੱਖ ਨੇਤਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਅੰਮ੍ਰਿਤਸਰ 'ਚ ਜੌੜਾ ਫਾਟਕ 'ਤੇ ਸ਼ੁੱਕਰਵਾਰ ਨੂੰ ਦੁਸਹਿਰਾ ਪ੍ਰੋਗਰਾਮ ਦੌਰਾਨ ਵਾਪਰੇ ਟਰੇਨ ਹਾਦਸੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਰਸਿਮਰਤ ਨੇ ਕਿਹਾ ਕਿ ਸੂਬਾ ਸਰਕਾਰ ਚੌਕਸ ਹੋ ਕੇ ਕੰਮ ਕਰਦੀ ਹੈ ਤਾਂ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਹਰਸਿਮਰਤ ਕੌਰ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਾਰਨ ਇਹ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ।

ਉਨ੍ਹਾਂ ਨੇ ਇਕ ਸਵਾਲ ਕੀਤਾ ਕਿ ਪ੍ਰਸ਼ਾਸਨ ਰੇਲ ਪਟੜੀ ਦੇ ਇੰਨੇ ਨੇੜੇ ਦੁਸਹਿਰਾ ਪ੍ਰੋਗਰਾਮ ਆਯੋਜਿਤ ਕਰਨ ਦੀ ਆਗਿਆ ਕਿਵੇਂ ਦੇ ਸਕਦਾ ਹੈ? ਉਨ੍ਹਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ ਅਤੇ ਲਾਪ੍ਰਵਾਹੀ ਨਾਲ ਵਾਪਰੀ ਹੈ। ਹਾਦਸੇ ਦੇ ਸਮੇਂ ਲੋਕਾਂ ਨੂੰ ਅਣਹੋਣੀ ਬਾਰੇ ਪਤਾ ਹੀ ਨਹੀਂ ਲੱਗਾ, ਕਿਉਂਕਿ ਸਾਹਮਣੇ ਰਾਵਣ ਦੇ ਪੁਤਲੇ ਸਾੜਨ ਕਾਰਨ ਰੌਲਾ-ਰੱਪਾ ਜ਼ਿਆਦਾ ਸੀ ਅਤੇ ਟਰੇਨ ਤੇਜ਼ ਰਫਤਾਰ ਨਾਲ ਲੰਘ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਪੂਰੀ ਤਰ੍ਹਾਂ ਨਾਲ ਸਥਾਨਕ ਪ੍ਰਸ਼ਾਸਨ ਅਤੇ ਗੈਰ-ਜ਼ਿੰਮੇਦਰਾਨਾ ਰਵੱਈਏ ਕਾਰਨ ਵਾਪਰਿਆ ਹੈ। ਆਯੋਜਕ ਇਸ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਰੇਲ ਲਾਈਨ ਨੇੜੇ ਆਯੋਜਿਤ ਕੀਤਾ। 

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਤੇਜ਼ ਰਫਤਾਰ ਟਰੇਨ ਨੇ ਸੈਂਕੜੇ ਲੋਕਾਂ ਨੂੰ ਕੁਚਲ ਦਿੱਤਾ, ਇਸ ਦਰਦਨਾਕ ਹਾਦਸੇ ਵਿਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਘਟਨਾ ਦੇ ਤੁਰੰਤ ਬਾਅਦ ਅਫੜਾ-ਦਫੜੀ ਦਾ ਮਾਹੌਲ ਬਣ ਗਿਆ। ਕੁਝ ਸਮੇਂ ਪਹਿਲਾਂ ਰੇਲ ਲਾਈਨ ਨੇੜੇ ਇਕੱਠੇ ਹੋਏ ਲੋਕ ਜਿੱਥੇ ਰਾਵਣ ਦੇ ਸਾੜੇ ਜਾਣ ਦਾ ਦ੍ਰਿਸ਼ ਦੇਖ ਰਹੇ ਸਨ, ਉੱਥੇ ਹੀ ਕੁਝ ਹੀ ਸਕਿੰਟਾਂ ਵਿਚ ਚੀਕ-ਚਿਹਾੜਾ ਪੈ ਗਿਆ।