ਜ਼ਮੀਨ ਵੇਚਣ ਦੇ ਪ੍ਰਸਤਾਵ ਦਾ ਵਿਰੋਧ ਕਰਨਗੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ

03/18/2018 10:43:05 AM

ਜਲੰਧਰ (ਖੁਰਾਣਾ)— 20 ਮਾਰਚ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਬੈਠਕ 'ਚ ਜਿੱਥੇ ਵਸੂਲੀ ਦੇ ਟੀਚੇ ਮਾਮੂਲੀ ਵਧਾਏ ਜਾਣ 'ਤੇ ਚਰਚਾ ਹੋ ਸਕਦੀ ਹੈ, ਉਥੇ ਹੀ ਨਿਗਮ ਦੀਆਂ ਜ਼ਮੀਨਾਂ ਨੂੰ ਵੇਚਣ ਸਬੰਧੀ ਪਾਏ ਗਏ ਪ੍ਰਸਤਾਵ ਦਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਵੱਲੋਂ ਵਿਰੋਧ ਕੀਤਾ ਜਾ ਸਕਦਾ ਹੈ।
ਆਮਦਨ ਦਾ ਸਾਧਨ ਬਣਨੀਆਂ ਚਾਹੀਦੀਆਂ ਨੇ ਜ਼ਮੀਨਾਂ: ਸੁਰਿੰਦਰ ਕੌਰ
ਇਸ ਪ੍ਰਸਤਾਵ ਬਾਰੇ ਜਦੋਂ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਤਬੀਅਤ ਠੀਕ ਨਾ ਹੋਣ ਕਾਰਨ ਉਨ੍ਹਾਂ ਫਿਲਹਾਲ ਏਜੰਡਾ ਸਟੱਡੀ ਨਹੀਂ ਕੀਤਾ ਪਰ ਉਨ੍ਹਾਂ ਦੀ ਰਾਏ ਹੈ ਕਿ ਨਿਗਮ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਬਜਾਏ ਉਨ੍ਹਾਂ ਨੂੰ ਆਮਦਨ ਦਾ ਸਾਧਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਖਾਲੀ ਪਈਆਂ ਜ਼ਮੀਨਾਂ 'ਤੇ ਕਈ ਤਰ੍ਹਾਂ ਦੇ ਪ੍ਰਾਜੈਕਟ ਬਣਾਏ ਜਾ ਸਕਦੇ ਹਨ। ਉਥੇ ਮੰਡੀਆਂ, ਚੌਪਾਟੀਆਂ ਆਦਿ ਕਿਰਾਏ 'ਤੇ ਦੇ ਕੇ ਕਮਾਈ ਕੀਤੀ ਜਾ ਸਕਦੀ ਹੈ। ਮਲਟੀ ਲੈਵਲ ਪਾਰਕਿੰਗ ਬਣਾ ਕੇ ਆਮਦਨ ਦਾ ਸਾਧਨ ਤਿਆਰ ਕੀਤਾ ਜਾ ਸਕਦਾ ਹੈ। ਸੁਰਿੰਦਰ ਕੌਰ ਨੇ ਕਿਹਾ ਕਿ ਉਹ ਨਿਗਮ ਦੇ ਕੰਮਕਾਜ ਨੂੰ ਮੇਅਰ ਅਤੇ ਹੋਰ ਸਾਰਿਆਂ ਦੇ ਸਹਿਯੋਗ ਨਾਲ ਚਲਾਉਣਾ ਚਾਹੁੰਦੀ ਹੈ ਅਤੇ ਟਕਰਾਅ ਜਿਹੀ ਕੋਈ ਗੱਲ ਨਹੀਂ ਹੈ।
ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ : ਬੰਟੀ
ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਜ਼ਮੀਨਾਂ ਵੇਚਣ ਦੇ ਪ੍ਰਸਤਾਵ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਖਰਚੇ ਨਹੀਂ ਚਲਾਉਣੇ ਚਾਹੀਦੇ। ਇਸ ਦੀ ਬਜਾਏ ਆਪਣੇ ਆਮਦਨ ਦੇ ਸਾਧਨ ਮਜ਼ਬੂਤ ਕਰਨੇ ਚਾਹੀਦੇ ਹਨ। ਬੰਟੀ ਨੇ ਕਿਹਾ ਕਿ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ, ਬਿਲਡਿੰਗ ਵਿਭਾਗ, ਵਾਟਰ ਟੈਕਸ ਅਤੇ ਤਹਿਬਾਜ਼ਾਰੀ ਆਦਿ 'ਚ ਰੈਵੇਨਿਊ ਪ੍ਰਾਪਤੀਆਂ ਦੀਆਂ ਅਪਾਰ ਸੰਭਾਵਨਾਵਾਂ ਹਨ ਪਰ ਨਿਗਮ ਕਰਮਚਾਰੀ ਸਿਰਫ 10-20 ਫੀਸਦੀ ਵਸੂਲੀ ਹੀ ਕਰਦੇ ਹਨ। ਅਜਿਹੇ ਵਿਚ ਜ਼ਮੀਨਾਂ ਵੇਚਣ ਤੋਂ ਧਿਆਨ ਹਟਾ ਕੇ ਕਮਾਈ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ।