ਹੋਰਨਾਂ ਦੀ ਘਰ ਵਾਪਸੀ ਸੰਭਵ ਪਰ ਖਹਿਰੇ ਲਈ ਪਾਰਟੀ ''ਚ ਕੋਈ ਥਾਂ ਨਹੀਂ : ਚੀਮਾ

12/16/2019 10:42:28 PM

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਛੱਡ ਕੇ ਗਏ ਕਿਸੇ ਵੀ ਆਗੂ ਦੀ ਵਾਪਸੀ ਸੰਭਵ ਹੋ ਸਕਦੀ ਹੈ ਪਰ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਸੁਖਪਾਲ ਸਿੰਘ ਖਹਿਰਾ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਕਿਉਂਕਿ ਉਨ੍ਹਾਂ ਨੂੰ ਪਾਰਟੀ ਨੇ ਬਹੁਤ ਮਾਣ-ਸਨਮਾਨ ਦਿੱਤਾ ਪਰ ਨਿੱਜੀ ਹਿੱਤਾਂ ਲਈ ਖਹਿਰਾ ਨੇ ਧੜੇਬੰਦੀ ਪੈਦਾ ਕਰ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਣ ਪੰਜਾਬ ਦੀਵਾਲੀਆ ਹੋਣ ਕਿਨਾਰੇ ਪੁੱਜ ਚੁੱਕਾ ਹੈ ਕਿਉਂਕਿ ਜਿਸ ਕੰਮ ਤੋਂ ਸਰਕਾਰ ਨੂੰ ਰੈਵੇਨਿਊ ਇਕੱਠਾ ਹੋਣਾ ਸੀ, ਉਹ ਕੰਮ ਸਰਕਾਰ ਨੇ ਆਪਣੇ ਚਹੇਤਿਆਂ ਹਵਾਲੇ ਕੀਤਾ ਹੋਇਆ ਹੈ।

ਹਰਪਾਲ ਸਿੰਘ ਚੀਮਾ ਨੇ ਸੂਬਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੇਂਦਰ ਵਲੋਂ ਜੀ.ਐੱਸ.ਟੀ. ਨਾ ਦਿੱਤੇ ਜਾਣ ਦਾ ਰੋਣਾ ਤਾਂ ਰੋ ਰਹੇ ਹਨ ਪਰ ਸੂਬੇ ਵਿਚ ਮਾਫੀਏ ਦੁਆਰਾ ਸ਼ਰਾਬ ਤੇ ਰੇਤਾ-ਬੱਜਰੀ ਦੀ ਹੁੰਦੀ ਚੋਰੀ ਨੂੰ ਰੋਕਣ ਲਈ ਚੁੱਪੀ ਧਾਰੀ ਹੋਈ ਹੈ। ਇਸ ਮੌਕੇ ਹਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ, ਗੋਬਿੰਦਰ ਮਿੱਤਲ ਚੇਅਰਮੈਨ ਮੀਡੀਆ ਸੈੱਲ, ਹਰਭੁਪਿੰਦਰ ਸਿੰਘ ਜਨਰਲ ਸਕੱਤਰ, ਇੰਚਾਰਜ ਜਗਤਾਰ ਸਿੰਘ ਦਿਆਲਪੁਰਾ, ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੇਡੋਂ ਬੇਟ, ਪ੍ਰਵੀਨ ਮੱਕੜ, ਗੁਰਿੰਦਰ ਸਿੰਘ ਨੂਰਪੁਰ, ਲਵਦੀਪ ਸਿੰਘ, ਨਰਿੰਦਰਪਾਲ ਸਿੰਘ, ਬਲਵਿੰਦਰ ਸਿੰੰਘ, ਜਗਜੀਤ ਸਿੰਘ, ਰਵਿੰਦਰ ਕੁਮਾਰ ਅਤੇ ਰਘਵੀਰ ਸਿੰਘ ਆਦਿ ਵੀ ਮੌਜੂਦ ਸਨ।