ਪੰਜਾਬ ਦੇ ਭਖਵੇਂ ਮਸਲੇ ਵਿਧਾਨ ਸਭਾ ''ਚ ਚੁੱਕੇਗੀ ''ਆਪ'', ਵਿਧਾਇਕਾਂ ਨੇ ਕੀਤੀ ਬੈਠਕ

08/26/2020 7:53:54 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ 28 ਅਗਸਤ ਨੂੰ ਹੋਣ ਜਾ ਰਹੇ ਇਕ ਰੋਜ਼ਾ ਇਜਲਾਸ ਦੇ ਮੱਦੇਨਜਰ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੈਠਕ ਕਰਕੇ ਸਾਰੇ ਅਹਿਮ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨੇ ਸਦਨ 'ਚ ਕੇਂਦਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ, ਪਾਣੀਆਂ ਦਾ ਸੰਕਟ ਅਤੇ ਐੱਸ. ਵਾਈ. ਐੱਲ ਕੇਂਦਰੀ ਬਿਜਲੀ ਸੋਧ ਬਿਲ-2020 ਮੌਂਟੇਕ ਸਿੰਘ ਆਹਲੂਵਾਲੀਆਂ ਰਿਪੋਰਟ ਅਤੇ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਦੇ ਮੁੱਦੇ ਸਮੇਤ ਪੰਜਾਬ ਦੇ ਸਾਰੇ ਭਖਵੇਂ ਮੁੱਦੇ ਸਦਨ 'ਚ ਚੁੱਕਣ ਦਾ ਫ਼ੈਸਲਾ ਲਿਆ ਹੈ।

ਚੀਮਾ ਨੇ ਕਿਹਾ ਕਿ ਹਾਲਾਂਕਿ ਪੰਜਾਬ ਸਰਕਾਰ ਨੇ ਲੋਕਤੰਤਰ ਦੀ ਸ਼ਰੇਆਮ ਖਿੱਲੀ ਉਡਾਉਂਦਿਆਂ ਮਹਿਜ਼ ਚਾਰ ਘੰਟਿਆਂ ਦਾ ਮਾਨਸੂਨ ਇਜਲਾਸ ਰੱਖ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ 'ਚ ਘਿਰੀ ਰਾਜਾਸ਼ਾਹੀ ਸਰਕਾਰ ਲੋਕਾਂ ਦੇ ਮਸਲਿਆਂ ’ਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਖੋ ਚੁੱਕੀ ਹੈ, ਫਿਰ ਵੀ ਅਸੀਂ ਸਾਰੇ ਪ੍ਰਮੁੱਖ ਮੁੱਦਿਆਂ ’ਤੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਾਂਗੇ। ਹਰਪਾਲ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਿਧਾਇਕ ਅਮਨ ਅਰੋੜਾ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਕੇਂਦਰੀ ਬਿਜਲੀ ਸੋਧ ਬਿੱਲ-2020 ਨੂੰ ਪੰਜਾਬ ਵਿਧਾਨ ਸਭਾ 'ਚ ਰੱਦ ਕਰਨ ਲਈ ਮਤਾ ਲਿਆਉਣ ਦੀ ਆਗਿਆ ਸਪੀਕਰ ਕੋਲੋਂ ਮੰਗ ਚੁੱਕੇ ਹਨ।

ਇਸ ਤੋਂ ਬਿਨ੍ਹਾਂ ਅਮਨ ਅਰੋੜਾ ਨੇ ਜ਼ਹਿਰੀਲੀ ਸ਼ਰਾਬ ਅਤੇ ਤਸ਼ਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ, ਵਿਧਾਇਕ ਮੀਤ ਹੇਅਰ ਅਤੇ ਪ੍ਰਿੰ. ਬੁੱਧ ਰਾਮ ਨੇ ਪਰਾਲੀ ਦੀ ਸਮੱਸਿਆ ਅਤੇ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਥਾਂ ਪਰਾਲੀ ’ਤੇ ਚਲਾਉਣ ਅਤੇ ਸਰਬਜੀਤ ਕੌਰ ਮਾਣੂੰਕੇ ਅਤੇ ਰੁਪਿੰਦਰ ਕੌਰ ਰੂਬੀ ਨੇ ਆਸ਼ਾ ਵਰਕਰਾਂ ਸਮੇਤ ਸੂਬੇ ਦੇ ਮੁਲਾਜ਼ਮਾਂ-ਬੇਰੁਜ਼ਗਾਰਾਂ ਬਾਰੇ ਧਿਆਨ ਦਿਵਾਊ ਮਤੇ ਪ੍ਰਵਾਨਗੀ ਲਈ ਸਪੀਕਰ ਨੂੰ ਭੇਜੇ ਹਨ। ਚੀਮਾ ਨੇ ਮੰਗ ਕੀਤੀ ਕਿ ਜਿੱਥੇ ਸਰਕਾਰ ਨੂੰ ਵਿਧਾਨ ਸਭਾ ਦਾ ਇਜਲਾਸ ਘੱਟੋ-ਘੱਟ 15 ਦਿਨ ਵਧਾਉਣਾ ਚਾਹੀਦਾ ਹੈ, ਉੱਥੇ ਇਜਲਾਸ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਯਕੀਨੀ ਬਣਾਉਣ ਅਤੇ ਦਿਸ਼ਾ-ਨਿਰਦੇਸ਼ਾਂ ’ਤੇ ਅਧਾਰਿਤ ਮੀਡੀਆ ਨੂੰ ਡੇਢ ਕਿਲੋਮੀਟਰ ਦੂਰ ਪੰਜਾਬ ਭਵਨ 'ਚ ਬਿਠਾਉਣ ਦੀ ਥਾਂ ਪੰਜਾਬ ਵਿਧਾਨ ਸਭਾ ਕੰਪਲੈਕਸ ਅੰਦਰੋਂ ਹੀ ਮੀਡੀਆ ਕਵਰੇਜ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।

‘ਆਪ’ ਵਿਧਾਇਕਾਂ ਦੀ ਬੈਠਕ 'ਚ ਪ੍ਰਿੰ. ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਸ਼ਾਮਲ ਹੋਏ ਜਦਕਿ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ ਨੇ ਵੀਡੀਓ ਕਾਲਿੰਗ ਰਾਹੀਂ ਸ਼ਮੂਲੀਅਤ ਕੀਤੀ। ਬੈਠਕ 'ਚ ਪਾਰਟੀ ਦੇ ਵਿਧਾਨ ਸਭਾ 'ਚ ਦਫ਼ਤਰ ਸਕੱਤਰ ਮਨਜੀਤ ਸਿੰਘ ਸਿੱਧੂ ਅਤੇ ਸਹਾਇਕ ਦਫ਼ਤਰ ਸਕੱਤਰ ਸੁਦੇਸ਼ ਕੁਮਾਰ ਨੇ ਵੀ ਹਿੱਸਾ ਲਿਆ।

Babita

This news is Content Editor Babita