ਹਰਜੀਤ ਸਿੰਘ ਸੱਜਣ ਦੀ 'ਸੱਜਣਤਾ' ਨੇ ਮੋਹਿਆ ਕੈਨੇਡੀਅਨਜ਼ ਦਾ ਦਿਲ, ਬਣੇ ਟਰੂਡੋ ਕੈਬਨਿਟ ਦੇ ਪ੍ਰਸਿੱਧ ਮੈਂਬਰ

11/22/2017 3:43:00 PM

ਟੋਰਾਂਟੋ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਦੇ ਪਸੰਦੀਦਾ ਨੇਤਾ ਹਨ ਅਤੇ ਉਨ੍ਹਾਂ ਦੀ ਕੈਬਨਿਟ 'ਚ ਸ਼ਾਮਲ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਹੁਤ ਪ੍ਰਸਿੱਧ ਹਨ। ਇਕ ਰਿਪੋਰਟ ਮੁਤਾਬਕ ਟਰੂਡੋ ਦੇ ਕੈਬਨਿਟ ਮੰਤਰੀਆਂ 'ਚੋਂ ਅੱਧਿਆਂ ਬਾਰੇ ਤਾਂ ਦੇਸ਼ ਜਾਣਦਾ ਹੀ ਨਹੀਂ ਹੈ ਪਰ ਹਰਜੀਤ ਸਿੰਘ ਸੱਜਣ ਨੂੰ 71 ਫੀਸਦੀ ਜਨਤਾ ਜਾਣਦੀ ਹੈ। ਪੰਜਾਬ ਨਾਲ ਸੰਬੰਧਤ ਹਰਜੀਤ ਸਿੰਘ ਸੱਜਣ ਦੇ ਚੰਗੇ ਕੰਮਾਂ ਕਾਰਨ ਉਨ੍ਹਾਂ ਨੇ ਲੋਕਾਂ 'ਚ ਆਪਣੀ ਪਛਾਣ ਬਣਾਈ ਹੋਈ ਹੈ। ਉਂਝ 75 ਫੀਸਦੀ ਲੋਕ ਵਿੱਤ ਮੰਤਰੀ ਬਿੱਲ ਮੌਰਨੀਊ ਤੋਂ ਜਾਣੂ ਹਨ ਪਰ ਮੌਰਨੀਊ ਦੀ ਪਛਾਣ ਇਕ ਭ੍ਰਿਸ਼ਟਾਚਾਰੀ ਨੇਤਾ ਦੇ ਰੂਪ 'ਚ ਬਣੀ ਹੋਈ ਹੈ ਕਿਉਂਕਿ ਵਿਰੋਧੀ ਧਿਰ ਨੇ ਉਨ੍ਹਾਂ 'ਤੇ ਕਈ ਦੋਸ਼ ਲਗਾਏ ਹਨ। ਲਗਭਗ 43 ਫੀਸਦੀ ਲੋਕਾਂ ਨੇ ਮੌਰਨੀਊ ਨੂੰ ਬੁਰਾ ਕੰਮ ਕਰਨ ਵਾਲਾ ਤੇ ਲਗਭਗ 23 ਫੀਸਦੀ ਲੋਕਾਂ ਨੇ ਉਸ ਨੂੰ ਚੰਗਾ ਦੱਸਿਆ ਹੈ। ਜੇਕਰ ਗੱਲ ਕਰੀਏ ਸੱਜਣ ਦੀ ਤਾਂ ਉਨ੍ਹਾਂ ਨੂੰ 10 'ਚੋਂ 4 ਲੋਕ ਉਨ੍ਹਾਂ ਦੀ 'ਸੱਜਣਤਾ' ਕਰਕੇ ਹੀ ਪਸੰਦ ਕਰਦੇ ਹਨ। ਵੱਡੀ ਗਿਣਤੀ 'ਚ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ 'ਤੇ ਵਿਸ਼ਵਾਸ ਹੈ। 

ਕੁੱਝ ਲੋਕਾਂ ਨੂੰ ਸੱਜਣ ਵਲੋਂ ਅਫਗਾਨਿਸਤਾਨ 'ਚ ਹੋਈ ਲੜਾਈ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਲੈਣ ਵਾਲੀ ਗੱਲ ਚੰਗੀ ਨਹੀਂ ਲੱਗੀ ਸੀ ਤੇ ਇਸੇ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਮਾਰਚ 2017 'ਚ ਭਾਰਤ ਦੌਰੇ ਦੌਰਾਨ ਅਫਗਾਨਿਸਤਾਨ 'ਚ ਆਪਣੀ ਭੂਮਿਕਾ ਬਾਰੇ ਗੱਲ ਕਰਦਿਆਂ ਸੱਜਣ ਨੇ ਵਧ-ਚੜ੍ਹ ਕੇ ਆਪਣੀ ਸਿਫਤ ਕੀਤੀ ਸੀ ਪਰ ਸੱਜਣ ਨੇ ਆਪਣੀ ਗਲਤੀ 'ਤੇ ਮੁਆਫੀ ਵੀ ਮੰਗ ਲਈ ਸੀ। ਇਸ ਲਈ ਸੱਜਣ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਸੀ।


ਤੁਹਾਨੂੰ ਦੱਸ ਦਈਏ ਕਿ ਸੱਜਣ ਤੋਂ ਇਲਾਵਾ ਹੋਰ 3 ਭਾਰਤੀ ਮੂਲ ਦੇ ਨੇਤਾਵਾਂ ਬਾਰੇ ਕੈਨੇਡੀਅਨ ਨਾਗਿਰਕਾਂ ਨੂੰ ਕਾਫੀ ਜਾਣਕਾਰੀ ਹੈ। ਇਨੋਵੇਸ਼ਨ ਅਤੇ ਵਿਗਿਆਨ ਦੇ ਮੰਤਰੀ ਨਵਦੀਪ ਬੈਂਸ ਬਾਰੇ 49 ਫੀਸਦੀ ਲੋਕ, ਛੋਟੇ ਵਪਾਰ ਅਤੇ ਟੂਰਿਜ਼ਮ ਦੀ ਮੰਤਰੀ ਬਰਦੀਸ਼ ਚੱਗਰ ਨੂੰ 38 ਫੀਸਦੀ ਲੋਕ ਜਾਣਦੇ ਹਨ ਅਤੇ 30 ਫੀਸਦੀ ਲੋਕਾਂ ਨੂੰ ਯਕੀਨ ਹੈ ਕਿ ਚੱਗਰ ਵਧੀਆ ਕੰਮ ਕਰਦੀ ਹੈ। 37 ਫੀਸਦੀ ਲੋਕਾਂ ਨੂੰ ਇਨਫਾਸਟਰਕਚਰ ਅਤੇ ਭਾਈਚਾਰਕ ਮੰਤਰੀ ਅਮਰਜੀਤ ਸੋਹੀ ਬਾਰੇ ਜਾਣਕਾਰੀ ਹੈ। ਪੰਜਾਬੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡੀਅਨ ਸੰਸਦ ਮੈਂਬਰ ਬਣ ਕੇ ਪੰਜਾਬੀ ਚੰਗਾ ਨਾਮਣਾ ਖੱਟ ਰਹੇ ਹਨ।