ਤਾਜਪੋਸ਼ੀ ਸਮਾਗਮ ’ਚ ਪਹੁੰਚੇ ਹਰੀਸ਼ ਰਾਵਤ ਬੋਲੇ, ‘‘ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਸਿੱਧੂ’’

07/23/2021 6:23:56 PM

ਚੰਡੀਗੜ੍ਹ (ਵੈੱਬ ਡੈਸਕ, ਅਸ਼ਵਨੀ)— ਚੰਡੀਗੜ੍ਹ ਵਿਖੇ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਪਹੁੰਚੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਗਮ ’ਚ ਪਹੁੰਚਣ ਲਈ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਨੇ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਸਮੇਤ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ ਦਿੱਤੀ। 

ਇਹ ਵੀ ਪੜ੍ਹੋ: ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਹਰੀਸ਼ ਰਾਵਤ ਨੇ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਪਰੰਪਰਾ ਨੂੰ ਅੱਗੇ ਵਧਾ ਕੇ ਚੱਲਣ ਲਈ ਆਖਿਆ। ਉਨ੍ਹਾਂ ਕਿਹਾ ਕਿ ਜਵਾਨ ਮੋਢਿਆਂ ’ਤੇ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਸਿੱਧੂ ਸਾਬ੍ਹ ਬਾਖ਼ੂਬੀ ਨਾਲ ਨਿਭਾਉਣਗੇ। ਸਿੱਧੂ ਪੰਜਾਬ ’ਚ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਰਿਵਾਇਤ ਰਹੀ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2022 ’ਚ ਸਿੱਧੂ ਨਾਲ ਰਲ ਕੇ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਹਰੀਸ਼ ਰਾਵਤ ਨੇ ਕਿਹਾ ਕਿ ਉਨ੍ਹਾਂ ਦੀ ਕਾਮਨਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਵਿਚ ਦੋਬਾਰਾ ਕਾਂਗਰਸ ਦੀ ਸਰਕਾਰ ਬਣੇ। ਉਤਰਾਖੰਡ ਵਿਚ ਵੀ ਕਾਂਗਰਸ ਦੀ ਜਿੱਤ ਦਾ ਝੰਡਾ ਲਹਿਰਾਵੇ ਤਾਂ ਕਿ 2024 ਵਿਚ ਕਾਂਗਰਸ ਦਾ ਦੇਸ਼ ਵਿਚ ਜਿੱਤ ਦਾ ਮਾਰਗ ਤੈਅ ਹੋ ਸਕੇ। ਰਾਵਤ ਨੇ ਕਿਹਾ ਕਿ ਕੈਪਟਨ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਵੱਲ ਕਾਂਗਰਸੀ ਪ੍ਰੇਰਣਾ ਵਜੋਂ ਵੇਖਦੇ ਹਨ। ਜਿਸ ਤਰ੍ਹਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨੀ ਦੀ ਲੜਾਈ ਲੜੀ। ਪੰਜਾਬ ਵਰਗੇ ਕੰਢੀ ਰਾਜ ਦੇ ਜ਼ਰੀਏ ਦੇਸ਼ ਦੀ ਸੁਰੱਖਿਆ ਦਾ ਸੰਦੇਸ਼ ਦੇਣ ਦਾ ਕੰਮ ਕੀਤਾ, ਉਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।

ਮੁੱਖ ਮੰਤਰੀ ਬਾਰੇ ਬੋਲੇ ਹਰੀਸ਼ ਰਾਵਤ, ਸ਼ੇਰ-ਸ਼ੇਰ ਰਹਿੰਦਾ ਹੈ, ਕਦੇ ਬੁੱਢਾ ਨਹੀਂ ਹੁੰਦਾ
ਇਸ ਮੌਕੇ ਹਰੀਸ਼ ਰਾਵਤ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਸ਼ੇਰ-ਸ਼ੇਰ ਰਹਿੰਦਾ ਹੈ, ਕਦੇ ਬੁੱਢਾ ਨਹੀਂ ਹੁੰਦਾ। ਸ਼ੇਰ ਮਨ ਦਾ ਵੀ ਰਾਜਾ ਹੁੰਦਾ ਹੈ, ਇਸ ਲਈ ਉਸ ਨੂੰ ਰਾਜਾ ਕਿਹਾ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਹੁਣ ਅੱਗੇ-ਪਿੱਛੇ ਕੁਝ ਨਾ ਵੇਖਦੇ ਹੋਏ ਸਿਰਫ਼ 2022 ਵੇਖਣਗੇ ਤਾਂ ਕਿ ਦੇਸ਼ ਦੇ ਸਾਰੇ ਕਾਂਗਰਸੀ ਇਹ ਵੇਖ ਸਕਣ ਕਿ ਜਿੱਤ ਦਾ ਮਾਰਗ ਕਿਵੇਂ ਤੈਅ ਕੀਤਾ ਜਾਂਦਾ ਹੈ। ਰਾਵਤ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜਿਸ ਨੌਜਵਾਨ ਦਾ ਕਦੇ ਬਚਪਨ ਵਿਚ ਹੱਥ ਫੜਿਆ ਹੋਵੇਗਾ, ਅੱਜ ਉਸੇ ਨੌਜਵਾਨ ਦੀ ਅਗਵਾਈ ’ਚ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ’ਤੇ ਇਹ ਜ਼ਿੰਮੇਦਾਰੀ ਪਾ ਦਿੱਤੀ ਹੈ ਕਿ 2022 ਵਿਚ ਪੰਜਾਬ ਕਾਂਗਰਸ ਦੀ ਜਿੱਤ ਤੈਅ ਕਰਨ। ਰਾਵਤ ਨੇ ਕਿਹਾ ਕਿ ਕਾਂਗਰਸ ਰਵਾਇਤਾਂ ਦੇ ਦਮ ’ਤੇ ਅੱਗੇ ਵਧਦੀ ਹੈ ਅਤੇ ਇਨ੍ਹਾਂ ਰਵਾਇਤਾਂ ਦੇ ਝੰਡੇ ਨੂੰ ਲੈ ਕੇ ਕਾਂਗਰਸ ਅੱਗੇ ਵਧਦੇ ਹੋਏ ਅੱਜ ਵੀ ਜਵਾਨ ਹੈ। ਇਸ ਮੌਕੇ ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਜੇਕਰ ਮੇਰੇ ਤੋਂ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਦੱਸ ਦਿੱਤਾ ਜਾਵੇ। ਬਾਹਰ ਕਹਿਣ ਦੀ ਬਜਾਏ ਮੈਨੂੰ ਦੱਸਿਆ ਜਾਵੇ ਅਤੇ ਇਸ ਨੂੰ ਮੈਂ ਸੁਧਾਰ ਲਵਾਂਗਾ। 

ਇਹ ਵੀ ਪੜ੍ਹੋ: ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਰਾਵਤ ਨੇ ਪੰਜਾਬ ਕਾਂਗਰਸ ਦਾ ਚਾਰਜ ਛੱਡਣ ਦੇ ਦਿੱਤੇ ਸੰਕੇਤ
ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਦਾ ਅਹੁਦਾ ਛੱਡਣ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਮਨਾ ਮੁਤਾਬਕ ਪੰਜਾਬ ਵਿਚ ਕਾਂਗਰਸ ਦੀ ਸੱਤਾ ਆਉਂਦੀ ਹੈ ਤਾਂ ਉਹ ਸਾਬਕਾ ਕਾਂਗਰਸ ਇੰਚਾਰਜ ਹੋ ਜਾਣਗੇ ਪਰ ਉਨ੍ਹਾਂ ਨੂੰ ਸੱਦਾ ਦੇਣਾ ਨਾ ਭੁੱਲਣਾ। ਤੱਦ ਉਹ ਵਧਾਈ ਦੇਣ ਜ਼ਰੂਰ ਆਉਣਗੇ। ਹਾਲਾਂਕਿ ਇੱਕ ਕਿੱਸੇ ਦਾ ਜ਼ਿਕਰ ਕਰਦੇ ਪੰਜਾਬ ਕਾਂਗਰਸ ਦੇ ਘਮਾਸਾਨ ’ਤੇ ਟਿੱਪਣੀ ਵੀ ਕਰ ਦਿੱਤੀ ਕਿ ਜਦੋਂ ਸ਼ੇਰ ਦਹਾੜਦੇ ਹੋਣਗੇ ਤਾਂ ਉਨ੍ਹਾਂ ਦੀ ਸਥਿਤੀ ਉਹ ਵੀ ਜਾਣਦੇ ਹਨ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri