ਮੁੱਖ ਮੰਤਰੀ ਜਨਤਕ ਸਭਾ ਵਿਚ ਗਰਦਨਾਂ ਵੱਢ ਕੇ ਲਿਆਉਣ ਦੇ ਮੁੱਦੇ ''ਤੇ ਆਪਣੀ ਚੁੱਪ ਤੋੜਨ : ਹਰਿੰਦਰਪਾਲ ਚੰਦੂਮਾਜਰਾ

01/13/2018 5:55:55 PM

ਪਟਿਆਲਾ (ਬਲਜਿੰਦਰ)-ਹਲਕਾ ਸਨੌਰ ਤੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਜਨਤਕ ਸਭਾ ਵਿਚ ਕ੍ਰਿਪਾਨਾਂ ਵੰਡਣ ਅਤੇ ਵਿਰੋਧੀਆਂ ਦੇ ਸਿਰ ਵੱਢ ਕੇ ਲਿਆਉਣ ਦੀ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਮੁੱਖ ਮੰਤਰੀ ਨਿਵਾਸ ਅੱਗੇ ਧਰਨੇ 'ਤੇ ਬੈਠਣ ਦੇ ਐਲਾਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਟਕਸਾਲੀ ਅਕਾਲੀ ਆਗੂਆਂ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਇਸਤਰੀ ਅਕਾਲੀ ਦਲ ਵੱਲੋਂ ਵੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਨਿੱਤਰਨ ਦਾ ਐਲਾਨ ਕੀਤਾ ਗਿਆ ਹੈ। ਜ਼ਿਲਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਅਤੇ ਹੋਰ ਇਸਤਰੀ ਅਕਾਲੀ ਆਗੂਆਂ ਨੇ ਐਲਾਨ ਕੀਤਾ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ, ਲਾਭ ਸਿੰਘ ਦੇਵੀਨਗਰ ਤੇ ਸਤਵਿੰਦਰ ਸਿੰਘ ਟੌਹੜਾ ਨੇ ਐਲਾਨ ਕੀਤਾ ਕਿ ਉਹ ਵੀ ਨੌਜਵਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਨਾਲ ਧਰਨੇ 'ਤੇ ਬੈਠਣਗੇ। 
ਦੂਜੇ ਪਾਸੇ ਅੱਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹੈਰੀਮਾਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਉਸ ਵਿਚ ਸਾਫ ਤੌਰ 'ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਵਾਰ-ਵਾਰ ਨਾਂ ਲੈ ਰਿਹਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਦੀ ਸਰਪ੍ਰਸਤੀ ਬਾਰੇ ਵਾਰ-ਵਾਰ ਜ਼ਿਕਰ ਕਰ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਨੂੰ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਕੋਈ ਵੀ ਜ਼ਿੰਮੇਵਾਰ ਵਿਅਕਤੀ ਇਸ ਤਰ੍ਹਾਂ ਜਨਤਕ ਸਭਾਵਾਂ ਵਿਚ ਲੋਕਾਂ ਨੂੰ ਇਕ-ਦੂਜੇ ਖਿਲਾਫ ਭੜਕਾ ਨਹੀਂ ਸਕਦਾ।