ਢਿੱਲਵਾਂ ''ਚ ਹੋਏ ਹਰਦੀਪ ਸਿੰਘ ਦੀਪਾ ਦੇ ਕਤਲ ਦਾ ਮਾਮਲਾ ਸੁਲਝਿਆ, 4 ਮੁਲਜ਼ਮ ਗ੍ਰਿਫ਼ਤਾਰ

09/25/2023 2:03:51 PM

ਕਪੂਰਥਲਾ (ਭੂਸ਼ਣ, ਮਹਾਜਨ)-ਬੀਤੇ ਦਿਨੀਂ ਢਿੱਲਵਾਂ ਖੇਤਰ ’ਚ ਕੁਝ ਮੁਲਜ਼ਮਾਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਕਤਲ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਢਿੱਲਵਾਂ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ 5 ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਸੰਬੋਧਨ ਕਰਦੇ ਹੋਏ ਐੱਸ. ਪੀ. (ਡੀ.) ਰਮਨਿੰਦਰ ਸਿੰਘ ਨੇ ਦੱਸਿਆ ਕਿ 20 ਸਤੰਬਰ 2023 ਨੂੰ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਪੱਤੀ ਲਾਧੀ ਕੀ ਢਿੱਲਵਾਂ ਨੇ ਥਾਣਾ ਢਿੱਲਵਾਂ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦੇ ਲੜਕੇ ਦਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੰਗਲਜੀਤ ਸਿੰਘ ਵਾਸੀ ਲਾਧੂ ਕੀ ਢਿੱਲਵਾਂ ਦੇ ਨਾਲ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੇ ਲੜਕੇ ਖ਼ਿਲਾਫ਼ ਥਾਣਾ ਢਿੱਲਵਾਂ ’ਚ ਮੁਕੱਦਮੇ ਦਰਜ ਹਨ। ਇਸੇ ਕਾਰਨ ਉਸਦਾ ਲੜਕਾ ਗ੍ਰਿਫਤਾਰੀ ਦੇ ਡਰ ਤੋਂ ਘਰ ਤੋਂ ਬਾਹਰ ਰਹਿੰਦਾ ਸੀ।

19 ਸਤੰਬਰ 2023 ਨੂੰ ਉਸ ਦਾ ਲੜਕਾ ਕਾਫ਼ੀ ਦਿਨਾਂ ਤੋਂ ਬਾਅਦ ਸ਼ਾਮ ਕਰੀਬ 5 ਵਜੇ ਘਰ ਆਇਆ, ਜੋਕਿ ਨਸ਼ਾ ਕਰਨ ਦਾ ਆਦੀ ਸੀ। ਉਸ ਦਾ ਲੜਕਾ ਘਰ ਤੋਂ ਬੈਂਕ ਦੀ ਕਾਪੀ ਲੈ ਕੇ ਬਾਹਰ ਚਲਾ ਗਿਆ, ਜਿਸ ਦੇ ਬਾਅਦ ਉਸ ਦਾ ਲੜਕਾ ਮੋਟਰਸਾਈਕਲ ’ਤੇ ਜਿਓਨਾ ਵਾਸੀ ਪਿੰਡ ਬੂਟਾਂ ਦੇ ਘਰ ਤੋਂ ਜਦੋਂ ਨਸ਼ਾ ਲੈ ਕੇ ਨਿਕਲਿਆ ਤਾਂ ਉਹ ਸੁਭਾਨਪੁਰ ਸਾਈਡ ਵੱਲੋਂ ਜਾ ਰਿਹਾ ਸੀ। ਜਿੱਥੇ ਉਸਨੂੰ ਮਲਕੀਅਤ ਸਿੰਘ ਉਰਫ਼ ਹੈਪੀ ਪੁੱਤਰ ਕਰਮਜੀਤ ਸਿੰਘ ਤੇ ਉਸਦੀ ਪਤਨੀ ਚਰਨਜੀਤ ਕੌਰ ਉਰਫ਼ ਰਾਜ ਨੇ ਦੇਖ ਲਿਆ ਅਤੇ ਉਕਤ ਪਤੀ-ਪਤਨੀ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਫੋਨ ਕਰਕੇ ਹਰਦੀਪ ਸਿੰਘ ਉਰਫ਼ ਦੀਪਾ ਦੀ ਜਾਣਕਾਰੀ ਦੇ ਦਿੱਤੀ। ਜਿਸ ’ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਸਕਾਰਪਿਓ ਗੱਡੀ ’ਚ ਆਪਣੇ ਸਾਥੀਆਂ ਸਮੇਤ ਹਰਦੀਪ ਸਿੰਘ ਉਰਫ ਦੀਪੂ ਦਾ ਪਿੱਛਾ ਕਰਨ ਲੱਗਾ ਤੇ ਇਸ ਦੌਰਾਨ ਉਕਤ ਮੁਲਜਮਾਂ ਨੇ ਹਰਦੀਪ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ-  ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ

ਇਸ ਦੌਰਾਨ ਡਰਦਾ ਹਰਦੀਪ ਸਿੰਘ ਉਰਫ਼ ਦੀਪਾ ਝੋਨੇ ਦੇ ਖੇਤਾਂ ’ਚ ਲੁੱਕ ਗਿਆ, ਜਿਸਨੂੰ ਹਰਪ੍ਰੀਤ ਸਿੰਘ ਉਰਫ਼ ਹੈਪੀ, ਉਸ ਦੇ ਸਾਥੀ ਅਮਰੂਦੀਪ ਮੁਸਲਾ ਤੇ ਕੈਲਾ ਵਾਸੀ ਭੀਲਾ ਨੇ ਮੋਟਰਸਾਈਕਲ ’ਤੇ ਬਿਠਾ ਲਿਆ ਤੇ ਉਸਨੂੰ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਦੀ ਮੋਟਰ ’ਤੇ ਲੈ ਗਏ। ਜਿੱਥੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਰਦੀਪ ਸਿੰਘ ਉਰਫ਼ ਦੀਪਾ ਦਾ ਕਤਲ ਕਰ ਦਿੱਤਾ। ਜਿਸ ਦੇ ਬਾਅਦ ਉਹ ਦੀਪਾ ਦੀ ਲਾਸ਼ ਉਸਦੇ ਘਰ ਦੇ ਬਾਹਰ ਚੌਕ ’ਚ ਸੁੱਟ ਕੇ ਫਰਾਰ ਹੋ ਗਏ।
ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੇ ਐੱਸ. ਪੀ. (ਡੀ.) ਰਮਨਿੰਦਰ ਸਿੰਗ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ, ਜਿਸ ’ਚ ਡੀ. ਐੱਸ. ਪੀ. ਭੁਲੱਥ ਭਾਰਤ ਭੂਸ਼ਣ ਤੇ ਐੱਸ. ਐੱਚ. ਓ. ਢਿੱਲਵਾਂ ਬਲਬੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ।

ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਦੇ ਹੁਕਮ ਦਿੱਤੇ, ਜਿਸਦੇ ਆਧਾਰ ’ਤੇ ਕਪੂਰਥਲਾ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ’ਚ 9 ਮੁਲਜ਼ਮਾਂ ਨਵਜੀਤ ਸਿੰਘ ਉਰਫ ਗੋਰਾ ਪੁੱਤਰ ਦੇਸ਼ ਰਾਜ ਵਾਸੀ ਪੱਤੀ ਰਾਮੂ ਕੀ ਢਿੱਲਵਾਂ, ਅਮਰੂਦੀਪ ਉਰਫ਼ ਅਮਰੂ ਪੁੱਤਰ ਪੱਪੂ ਵਾਸੀ ਪੱਤੀ ਮੁਹੰਮਦ ਕੀ ਢਿੱਲਵਾਂ, ਮਾਨਵ ਮਹਿਤਾ ਉਰਫ ਮਾਨਵ ਪੁੱਤਰ ਰਵਿੰਦਰ ਕੁਮਾਰ ਵਾਸੀ ਪੱਤੀ ਜੱਲੂ ਕੀ ਢਿੱਲਵਾਂ ਹਾਲ ਵਾਸੀ ਅੱਡਾ ਮਿਆਣੀ ਬਾਕਰਪੁਰ ਥਾਣਾ ਢਿੱਲਵਾਂ, ਮਲਕੀਅਤ ਸਿੰਘ ਉਰਫ਼ ਹੈਪੀ ਪੁੱਤਰ ਕਰਮਜੀਤ ਸਿੰਘ ਵਾਸੀ ਤਹਿਸੀਲ ਮੁਹੱਲਾ ਢਿੱਲਵਾਂ, ਚਰਨਜੀਰ ਕੌਤਰ ਉਰਫ਼ ਰਾਜ ਪਤਨੀ ਮਲਕੀਅਤ ਸਿੰਘ ਉਰਫ਼ ਹੈਪੀ ਵਾਸੀ ਤਹਿਸੀਲ ਮੁਹੱਲਾ ਢਿੱਲਵਾਂ, ਕੁਲਵਿੰਦਰ ਕੌਰ ਪਤਨੀ ਮੰਗਲਜੀਤ ਸਿੰਘ ਵਾਸੀ ਪੱਤੀ ਲਾਧੂ ਕੀ ਢਿੱਲਵਾ, ਸੁਖਵਿੰਦਰ ਸਿੰਘ ਉਰਫ ਸ਼ੁਭਮ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਭੀਲਾ ਥਾਣਾ ਕੋਤਵਾਲੀ ਕਪੂਰਥਲਾ, ਸ਼ਰਣ ਉਰਫ ਕੈਲਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੀਲਾ ਥਾਣਾ ਕੋਤਵਾਲੀ ਕਪੂਰਥਲਾ, ਰੋਹਿਤ ਕੁਮਾਰ ਉਰਫ਼ ਰੋਣੀ ਪੁੱਤਰ ਕਮਲ ਕੁਮਾਰ ਵਾਸੀ ਪੱਤੀ ਰਾਮੂ ਕੀ ਢਿੱਲਵਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ 4 ਮੁਲਜ਼ਮਾਂ ਹਰਪ੍ਰੀਤ ਸਿੰਘ ਉਰਫ਼ ਹੈਪੀ, ਅਮਰੂਦੀਨ ਉਰਫ਼ ਅਮਰੂ, ਮਾਨਵ ਮਹਿਤਾ ਉਰਫ਼ ਮਾਨਵ ਅਤੇ ਨਵਜੀਤ ਸਿੰਘ ਉਰਫ਼ ਗੋਰਾ ਨੂੰ ਛਾਪਾਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ। ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ। ਇਸ ਪੱਤਰਕਾਰ ਸੰਮੇਲਨ ’ਚ ਡੀ. ਐੱਸ. ਪੀ. ਭੁਲੱਥ ਭਾਰਤ ਭੂਸ਼ਣ ਤੇ ਐੱਸ. ਐੱਚ. ਓ. ਢਿੱਲਵਾਂ ਬਲਬੀਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ-  'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri