ਛੱਕਾ ਲਾਉਣ 'ਚ ਸਿੱਧੂ ਅੱਗੇ ਪਰ ਪੁਲਵਾਮਾ ਹਮਲੇ 'ਤੇ ਭੱਜੀ ਦੀ ਗੁਗਲੀ ਚਰਚਾ 'ਚ

02/21/2019 1:17:35 PM

ਜਲੰਧਰ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਬਿਆਨਾਂ ਨੂੰ ਲੈ ਕੇ ਚਰਚਾਂ 'ਚ ਹਨ। ਹਰਭਜਨ ਸਿੰਘ ਤਿੱਖੀ ਪ੍ਰਤੀਕਿਰਿਆ ਦੇ ਕੇ ਸ਼ਲਾਘਾ ਲੁੱਟ ਰਹੇ ਹਨ ਤਾਂ ਉੱਥੇ ਹੀ ਡਿਫੈਂਸਿਵ ਮੂਡ ਅਪਣਾਉਂਦਿਆਂ ਸਿੱਧੂ ਟੀ. ਵੀ. ਚੈਨਲਾਂ ਤੋਂ ਇਲਾਵਾ ਸੋਸ਼ਲ ਸਾਈਟਸ 'ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਦਸ ਦਈਏ ਕਿ ਪਾਕਿਸਤਾਨ ਦੇ ਪ੍ਰਤੀ ਹਮਦਰਦੀ ਦਿਖਾਉਣ ਵਾਲੇ ਸਿੱਧੂ ਜਦੋਂ ਕ੍ਰਿਕਟ ਮੈਦਾਨ 'ਤੇ ਸੀ ਤਾਂ ਉਸ ਦਾ ਬੱਲਾ ਪਾਕਿਸਤਾਨ ਖਿਲਾਫ ਖੂਬ ਬੋਲਦਾ ਸੀ। ਵਨ ਡੇ ਹੋਵੇ ਜਾਂ ਟੈਸਟ ਕ੍ਰਿਕਟ ਦੋਵਾਂ ਸਵਰੂਪਾਂ ਵਿਚ ਹੀ ਪਾਕਿਸਤਾਨ ਦੀਆਂ ਧੱਜੀਆਂ ਉਡਾਉਣ ਲਈ ਸਿੱਧੂ ਨੂੰ ਜਾਣਿਆ ਜਾਂਦਾ ਸੀ। ਸਿੱਧੂ ਆਪਣੇ ਬਿਆਨ ਨੂੰ ਲੈ ਕੇ ਕਈ ਦਿਨਾ ਤੋਂ ਨਿੰਦਾ ਬਟੋਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਗੈਰ-ਰਾਜਨੀਤਕ ਹਰਭਜਨ ਸਖਤ ਰਵੱਈਏ ਦੀ ਗੁਗਲੀ ਸੁੱਟ ਕੇ ਸੋਸ਼ਲ ਸਾਈਟ 'ਤੇ ਸੁਰਖੀਆਂ ਬਟੋਰ ਰਹੇ ਹਨ।

ਪੁਲਵਾਮਾ ਹਮਲੇ 'ਤੇ ਸਿੱਧੂ ਦਾ ਬਿਆਨ
ਅੱਤਵਾਦੀਆਂ ਦਾ ਕੋਈ ਧਰਮ ਅਤੇ ਦੇਸ਼ ਨਹੀਂਂ ਹੁੰਦਾ। ਕੁਝ ਲੋਕਾਂ ਦੀ ਵਜ੍ਹਾ ਨਾਲ ਕੀ ਤੁਸੀਂ ਪੂਰੇ ਮੁਲਕ ਨੂੰ ਗਲਤ ਠਹਿਰਾ ਸਕਦੇ ਹੋ। ਇਹ ਹਮਲਾ ਕਾਇਰਤਾ ਦੀ ਨਿਸ਼ਾਨੀ ਹੈ ਅਤੇ ਉਹ ਇਸਦੀ ਸਖਤ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾ ਨਿੰਦਾ ਹੋਣੀ ਚਾਹੀਦੀ ਹੈ ਅਤੇ ਜਿਨ੍ਹਾਂ ਦੀ ਗਲਤੀ ਹੈ ਉਨ੍ਹਾਂ ਨੂੰ ਸਜ਼ਾ ਮਿਲਨੀ ਚਾਹੀਦੀ ਹੈ।

ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਖਿਲਾਫ ਰਿਕਾਰਡ
ਵਨ ਡੇ
: ਸਿੱਧੂ ਪਾਕਿਸਤਾਨ ਖਿਲਾਫ 28 ਵਨ ਡੇ ਖੇਡ ਚੁੱਕੇ ਹਨ। ਉਸ ਦੇ ਨਾਂ 34.48 ਦੀ ਔਸਤ ਨਾਲ 862 ਦੌੜਾਂ ਦਰਜ ਹਨ। ਉਹ 2 ਸੈਂਕੜੇ ਅਤੇ 4 ਅਰਧ ਸੈਂਕੜੇ ਵੀ ਲਾ ਚੁੱਕੇ ਹਨ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 108 ਦੌੜਾਂ ਦਾ ਹੈ। ਉਹ ਇਸ ਦੌਰਾਨ 2 ਵਾਰ ਜੀਰੋ 'ਤੇ ਆਊਟ ਵੀ ਹੋਏ।

ਟੈਸਟ : ਸਿੱਧੂ ਨੇ ਪਾਕਿਸਤਾਨ ਖਿਲਾਫ ਸਿਰਫ 4 ਹੀ ਟੈਸਟ ਖੇਡੇ ਹਨ। ਇਸ ਵਿਚ ਉਸ ਦੇ ਨਾਂ 38 ਦੀ ਔਸਤ ਨਾਲ 269 ਦੌੜਾਂ ਦਰਜ ਹਨ। ਉਹ 3 ਵਾਰ ਅਰਧ ਸੈਂਕੜੇ ਲਾ ਚੁੱਕੇ ਹਨ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 87 ਦੌੜਾਂ ਦਾ ਰਿਹਾ ਹੈ। ਉਹ ਦੌਰਾਨ ਉਹ 1 ਵਾਰ ਜੀਰੋ 'ਤੇ ਆਊਟ ਹੋਏ ਹਨ।

ਪੁਲਵਾਮਾ ਹਮਲੇ 'ਤੇ ਹਰਭਜਨ ਦਾ ਬਿਆਨ
ਇਹ ਮੁਸ਼ਕਲ ਸਮਾਂ ਹੈ। ਹਮਲਾ ਹੋਇਆ ਹੈ ਇਹ ਹੈਰਾਨੀਜਨਕ ਹੈ ਅਤ ਬਹੁਤ ਗਲਤ ਹੈ। ਸਰਕਾਰ ਜ਼ਰੂਰ ਸਖਤ ਕਾਰਵਾਈ ਕਰੇਗੀ। ਜਿੱਥੇ ਤੱਕ ਕ੍ਰਿਕਟ ਦਾ ਸਵਾਲ ਹੈ ਮੈਨੂੰ ਨਹੀਂ ਲਗਦਾ ਕਿ ਸਾਨੂੰ ਪਾਕਿ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਰੱਖਣਾ ਚਾਹੀਦਾ ਹੈ ਨਹੀਂ ਤਾਂ ਅਜਿਹਾ ਹੀ ਚਲਦਾ ਰਹੇਗਾ।

ਹਰਭਜਨ ਦਾ ਪਾਕਿਸਤਾਨ ਖਿਲਾਫ ਰਿਕਾਰਡ
ਵਨ ਡੇ
: ਹਰਭਜਨ ਸਿੱਘ ਨੇ ਪਾਕਿਸਤਾਨ ਖਿਲਾਫ 17 ਵਨ ਡੇ ਖੇਡੇ ਹਨ। ਇਸ ਵਿਚ ਉਸ ਦੇ ਨਾਂ 23 ਦੀ ਔਸਤ ਨਾਲ 143 ਦੌੜਾਂ ਦਰਜ ਹਨ। ਉੱਥੇ ਹੀ ਗੇਂਦਬਾਜ਼ੀ ਕਰਦਿਆਂ ਉਹ 14 ਵਿਕਟਾਂ ਕੱਢਣ 'ਚ ਵੀ ਸਫਲ ਰਹੇ ਹਨ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2/43 ਰਿਹਾ ਹੈ।

ਟੈਸਟ : ਹਰਭਜਨ ਪਾਕਿਸਤਾਨ ਖਿਲਾਫ 9 ਟੈਸਟ ਖੇਡ ਚੁੱਕੇ ਹਨ। ਇਸ ਵਿਚ ਬੱਲੇਬਾਜ਼ੀ ਕਰਦਿਆਂ ਉਸ ਦੇ ਨਾਂ ਸਿਰਫ 88 ਦੌੜਾਂ ਦਰਜ ਹਨ ਪਰ ਗੇਂਦਬਾਜ਼ੀ ਕਰਦਿਆਂ ਉਸ ਨੇ ਆਪਣਾ ਜਲਵਾ ਜ਼ਰੂਰ ਦਿਖਾਇਆ ਹੈ। ਇਨ੍ਹਾਂ 9 ਟੈਸਟਾਂ ਵਿਚ ਉਹ 25 ਵਿਕਟਾਂ ਕੱਢਣ ਵਿਚ ਸਫਲ ਰਹੇ ਹਨ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 6/152 ਹੈ।