ਹੈਪੀ ਦੇ ਪਰਿਵਾਰ ਵਾਲੇ ਬੋਲੇ : ਸਾਨੂੰ ਵੀ ਮਾਰ ਸਕਦੇ ਹਨ ਕਾਤਲ, ਪੁਲਸ ਦੇਵੇ ਸੁਰੱਖਿਆ

11/30/2017 8:02:02 AM

ਜਲੰਧਰ, (ਰਾਜੇਸ਼)— ਕਰੀਬ ਇਕ ਹਫਤਾ ਪਹਿਲਾਂ ਬਸਤੀ ਦਾਨਿਸ਼ਮੰਦਾਂ ਵਿਖੇ ਹੋਏ ਹੈਪੀ ਕਤਲਕਾਂਡ ਤੋਂ ਬਾਅਦ ਅੱਜ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਪੁਲਸ ਖਿਲਾਫ ਰੋਸ ਪ੍ਰਗਟ ਕੀਤਾ। ਹੈਪੀ ਦੀ ਮਾਂ ਪੁਸ਼ਪਾ ਨੇ ਦੱਸਿਆ ਕਿ ਉਹ ਜਦੋਂ ਵੀ ਥਾਣਾ ਨੰਬਰ 5 ਵਿਖੇ ਹੈਪੀ ਦਾ ਕਤਲ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹਨ ਤਾਂ ਉਲਟਾ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਹੀ ਧਮਕਾ ਕੇ ਥਾਣੇ ਤੋਂ ਵਾਪਸ ਭੇਜ ਦਿੰਦੇ ਹਨ। ਪੁਸ਼ਪਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਹੈਪੀ ਦਾ ਕਤਲ ਕੀਤਾ ਹੈ, ਉਹ ਸ਼ਰੇਆਮ ਇਲਾਕੇ ਵਿਚ ਘੁੰਮ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਇਕ ਦਿਨ ਦੇ ਅੰਦਰ ਹੈਪੀ ਦੇ ਹਤਿਆਰਿਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਚੱਕਾ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਹੈਪੀ ਦਾ ਕਤਲ ਕਰਨ ਵਾਲੇ ਨੌਜਵਾਨਾਂ ਦੇ ਨਾਂ ਕੀ ਹਨ। ਜੋ ਨਾਂ ਅਜੇ ਤੱਕ ਪੁਲਸ ਨੇ ਗੁਪਤ ਰੱਖੇ ਹਨ ਅਤੇ ਉਨ੍ਹਾਂ ਨੂੰ ਦੱਸਿਆ ਨਹੀਂ ਜਾ ਰਿਹਾ। ਗੁਪਤ ਨਾਂ ਵਾਲੇ ਨੌਜਵਾਨਾਂ ਵਿਚ ਉਨ੍ਹਾਂ ਦਾ ਕੋਈ ਨਜ਼ਦੀਕੀ ਵੀ ਹੋ ਸਕਦਾ ਹੈ, ਜਿਸ ਤੋਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। 
ਕਾਤਲ ਨਾ ਫੜੇ ਤਾਂ ਮੈਂ ਵੀ ਮਰ ਜਾਵਾਂਗੀ : ਪੁਸ਼ਪਾ
ਮ੍ਰਿਤਕ ਹੈਪੀ ਦੀ ਮਾਂ ਪੁਸ਼ਪਾ ਨੇ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਗਾਇਆ ਕਿ ਪੁਲਸ ਰਾਜਨੀਤਕ ਦਬਾਅ ਵਿਚ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਇਥੋਂ ਤੱਕ ਕਿ ਕਾਤਲਾਂ ਦੇ ਨਾਂ ਛੁਪਾਉਣਾ ਵੀ ਉਨ੍ਹਾਂ ਦੀ ਜਾਨ ਲਈ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਦਿਨ ਵਿਚ ਕਾਤਲ ਨਾ ਫੜੇ ਗਏ ਤਾਂ ਉਹ ਭੁੱਖ ਹੜਤਾਲ 'ਤੇ ਬੈਠ ਕੇ ਮਰ ਜਾਵੇਗੀ। 

ਮਾਸੂਮ ਬੇਟਾ ਅੱਜ ਵੀ ਖਜੂਰਾਂ ਦੇ ਇੰਤਜ਼ਾਰ 'ਚ
ਹੈਪੀ ਦੀ ਜਿਸ ਦਿਨ ਹੱਤਿਆ ਹੋਈ, ਉਸ ਰਾਤ ਨੂੰ ਉਹ ਆਪਣੇ ਬੇਟੇ ਲਈ ਘਰ ਤੋਂ ਖਜ਼ੂਰਾਂ ਖਰੀਦਣ ਲਈ ਜਗਜੀਵਨ ਰਾਮ ਚੌਕ ਵਿਖੇ ਲੱਗੀ ਸਬਜ਼ੀ ਮੰਡੀ ਵਿਖੇ ਗਿਆ ਸੀ, ਜਿਸ ਦਾ ਮਾਸੂਮ ਬੇਟਾ ਘਰ ਵਿਚ ਖਜੂਰਾਂ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਜੋ ਪਿਤਾ ਘਰ ਤੋਂ ਖਜੂਰਾਂ ਲੈਣ ਗਿਆ ਹੈ, ਉਹ ਹਮੇਸ਼ਾ ਲਈ ਘਰ ਤੋਂ ਚਲਾ ਗਿਆ ਹੈ। ਮਾਸੂਮ ਬੇਟੇ ਨੂੰ ਅੱਜ ਵੀ ਉਸਦੇ ਪਰਿਵਾਰਕ ਮੈਂਬਰ ਇਹ ਹੀ ਕਹਿ ਰਹੇ ਹਨ ਕਿ ਉਸਦਾ ਪਿਤਾ ਖਜੂਰਾਂ ਲੈ ਕੇ ਆ ਰਿਹਾ ਹੈ। ਬੇਟੇ ਨੂੰ ਅਜੇ ਵੀ ਪਿਤਾ ਦੀ ਮੌਤ ਬਾਰੇ ਕੁੱਝ ਵੀ ਨਹੀਂ ਪਤਾ। 

ਹੱਤਿਆ ਦੇ ਦੋਸ਼ੀਆਂ ਦਾ ਰਿਮਾਂਡ ਖਤਮ, ਅਦਾਲਤ 'ਚ ਪੇਸ਼
ਹੈਪੀ ਦਾ ਕਤਲ ਕਰਨ ਵਾਲੇ ਦੋਸ਼ੀ ਜਸਪਾਲ ਸਿੰਘ ਉਰਫ ਸ਼ੇਰਾ, ਰਵੀ ਪੁੱਤਰ ਕਿਸ਼ੋਰੀ ਲਾਲ ਦਾ ਅੱਜ ਪੁਲਸ ਰਿਮਾਂਡ ਖਤਮ ਹੋ ਗਿਆ। ਰਿਮਾਂਡ ਦੌਰਾਨ ਦੋਸ਼ੀਆਂ ਨੇ ਕਬੂਲ ਕੀਤਾ ਸੀ ਕਿ ਰੂਪ ਦੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਹੈਪੀ ਨਾਲ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਵਿਚ ਰੂਪ ਆਪਣੇ ਹੋਰਨਾਂ ਸਾਥੀਆਂ ਨਾਲ ਜਾ ਕੇ ਹੈਪੀ ਨਾਲ ਸਬਜ਼ੀ ਮੰਡੀ ਵਿਚ ਝਗੜਾ ਕਰਨ ਲੱਗਾ, ਜਿਸ ਵਿਚ ਹੈਪੀ ਦੀ ਜਾਨ ਚਲੀ ਗਈ। ਰਿਮਾਂਡ ਖਤਮ ਹੋਣ ਤੋਂ ਬਾਅਦ ਦੇਰ ਸ਼ਾਮ ਉਕਤ ਲੋਕਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ ਹੈ।
ਇਸ ਕੇਸ ਵਿਚ ਪੁਲਸ ਨੂੰ ਅਜੇ ਵੀ ਮੁੱਖ ਦੋਸ਼ੀ ਰੂਪ, ਗੇਲੂ ਤੇ ਹੈਪੀ ਨਾਂ ਦੇ ਨੌਜਵਾਨਾਂ ਦੀ ਤਲਾਸ਼ ਹੈ, ਜੋ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਹਾਲਾਂਕਿ ਪੁਲਸ ਨੇ ਉਕਤ ਲੋਕਾਂ ਤੋਂ ਇਲਾਵਾ ਵੀ ਕਈ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪਰ ਪੁਲਸ ਦੇ ਹੱਥ ਹਾਲੇ ਤੱਕ ਸਫਲਤਾ ਨਹੀਂ ਲੱਗੀ ਹੈ।