ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਉਮਰ ਕੈਦ ''ਚ ਤਬਦੀਲ ਕੀਤੀ ਜਾਵੇ : ਸਿਮਰਨਜੀਤ ਮਾਨ

02/02/2020 9:25:02 PM

ਫਤਿਹਗੜ੍ਹ ਸਾਹਿਬ, (ਜਗਦੇਵ)— ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨਿਰਭਯਾ ਕੇਸ 'ਚ ਫਾਂਸੀ ਦੀ ਸਜ਼ਾ ਪ੍ਰਾਪਤ 4 ਝੁੱਗੀਆਂ-ਝੌਂਪੜੀਆਂ ਵਾਲੇ ਨੌਜਵਾਨਾਂ ਦੀ ਫਾਂਸੀ ਨੂੰ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ 'ਚ ਤਬਦੀਲ ਕਰਨ ਲਈ ਪਾਰਟੀ ਵਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਬੀਤੇ ਕੁਝ ਦਿਨ ਪਹਿਲਾਂ ਪੱਤਰ ਲਿਖਿਆ ਗਿਆ ਸੀ, ਕਿਉਂਕਿ ਇਕ ਤਾਂ ਕਿਸੇ ਨੂੰ ਜੀਵਨ ਦੇਣ ਜਾਂ ਉਸ ਦੀ ਜਾਨ ਲੈਣ ਦਾ ਹੱਕ ਦੁਨੀਆ ਦੇ ਰਚਣਹਾਰ ਉਸ ਅਕਾਲ ਪੁਰਖ ਕੋਲ ਹੈ, ਦੂਸਰਾ ਦੁਨੀਆ ਦੇ 120 ਮੁਲਕਾਂ ਨੇ ਮੌਤ ਦੀ ਸਜ਼ਾ ਨੂੰ ਅਣਮਨੁੱਖੀ ਕਰਾਰ ਦਿੰਦੇ ਹੋਏ ਇਸ ਨੂੰ ਖਤਮ ਕਰ ਦਿੱਤਾ ਹੈ। ਇਸ ਲਈ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਵਿਧਾਨਕ ਤੌਰ 'ਤੇ ਪ੍ਰਾਪਤ ਹੋਏ ਉਨ੍ਹਾਂ ਅਧਿਕਾਰਾਂ, ਜਿਨ੍ਹਾਂ ਰਾਹੀਂ ਉਹ ਕਿਸੇ ਵੀ ਨਾਗਰਿਕ ਦੀ ਸਜ਼ਾ ਨੂੰ ਘੱਟ ਕਰ ਸਕਦੇ ਹਨ, ਮੁਆਫ਼ ਕਰ ਸਕਦੇ ਹਨ ਤੇ ਉਸ ਨੂੰ ਪੂਰਨ ਰੂਪ 'ਚ ਜੇਲ ਤੋਂ ਰਿਹਾਅ ਕਰਨ ਦੇ ਹੁਕਮ ਕਰ ਸਕਦੇ ਹਨ, ਉਸ ਦੀ ਵਰਤੋਂ ਕਰਦੇ ਹੋਏ ਉਪਰੋਕਤ ਚਾਰਾਂ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਤਬਦੀਲ ਕਰ ਕੇ ਉਮਰ ਕੈਦ 'ਚ ਬਦਲਣ ਲਈ ਇਸ ਕਰ ਕੇ ਲਿਖਿਆ ਸੀ, ਕਿਉਂਕਿ ਉਪਰੋਕਤ ਚਾਰੋਂ ਨੌਜਵਾਨ ਉਨ੍ਹਾਂ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਪਰਿਵਾਰਾਂ ਨਾਲ ਸਬੰਧਤ ਹਨ, ਜਿਥੇ ਨਾ ਕਿਸੇ ਤਰ੍ਹਾਂ ਦੀ ਤਾਲੀਮ ਪ੍ਰਾਪਤ ਕਰਨ ਦੀ ਸਹੂਲਤ ਹੈ, ਨਾ ਉਥੇ ਕੋਈ ਮੰਦਰ-ਗੁਰਦੁਆਰਾ, ਮਸਜਿਦ ਹੈ, ਜਿੱਥੇ ਉਨ੍ਹਾਂ ਦੇ ਬੱਚਿਆਂ ਨੂੰ ਸਮਾਜਿਕ ਤੌਰ 'ਤੇ ਉੱਚੀ ਸੂਝ-ਬੂਝ ਪ੍ਰਾਪਤ ਹੋਵੇ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਗਿਆਨ ਵਧ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਨਿਰਭਯਾ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ ਤੇ ਉਹ ਇਹ ਵੀ ਚਾਹੁੰਦੇ ਹਾਂ ਕਿ ਅਜਿਹਾ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਉਨ੍ਹਾਂ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਉਨ੍ਹਾਂ ਦੀ ਅਗਿਆਨਤਾ ਨੂੰ ਸਾਹਮਣੇ ਰੱਖਦੇ ਹੋਏ ਉਨ੍ਹਾਂ ਦੀ ਸਜ਼ਾ ਉਮਰ ਕੈਦ 'ਚ ਬਦਲਣ ਦੀ ਸੋਚ ਰੱਖਦੇ ਹਾਂ ਤਾਂ ਕਿ ਇਨ੍ਹਾਂ ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਮਜ਼ਲੂਮ ਗਰੀਬ ਪਰਿਵਾਰਾਂ ਦੀਆਂ ਮਾਵਾਂ ਨੂੰ ਸਾਰੀ ਉਮਰ ਲਈ ਹੰਝੂ ਨਾ ਕੇਰਨੇ ਪੈਣ। ਦੂਸਰੇ ਪਾਸੇ ਉਨ੍ਹਾਂ ਨੂੰ ਸਜ਼ਾ ਵੀ ਅਜਿਹੀ ਮਿਲੇ ਜਿਸ ਨਾਲ ਅਜਿਹਾ ਅਪਰਾਧ ਕਰਨ ਵਾਲੇ ਨੂੰ ਸਹੀ ਦਿਸ਼ਾ ਵੱਲ ਪ੍ਰੇਰਣਾ ਮਿਲ ਸਕੇ ਅਤੇ ਕੋਈ ਵੀ ਇਨਸਾਨ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਕੋਈ ਕਾਨੂੰਨੀ ਨੁਕਤੇ ਵੀ ਵਜ੍ਹਾ ਕਾਰਣ ਇਹ ਫਾਂਸੀ ਦੀ ਸਜ਼ਾ ਟਲ ਗਈ ਹੈ ਅਤੇ ਅਸੀਂ ਇਸ ਨੂੰ ਤਬਦੀਲ ਕਰਵਾਉਣ ਲਈ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਕੇ ਲਿਖਤੀ ਬੇਨਤੀ ਕਰਨ ਜਾ ਰਹੇ ਹਾਂ। ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਕੇ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ 'ਚ ਤਬਦੀਲ ਕਰ ਦੇਣਗੇ।
 

KamalJeet Singh

This news is Content Editor KamalJeet Singh