ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ''ਚ ਡੇਰਾ ਸੁੰਦਰ ਆਸ਼ਰਮ ਦੇ ਪ੍ਰਬੰਧਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਲਬ

11/19/2017 5:20:57 PM

ਸ੍ਰੀ ਆਨੰਦਪੁਰ ਸਾਹਿਬ (ਬਾਲੀ)— ਡੇਰਾ ਸੁੰਦਰ ਆਸ਼ਰਮ ਸ੍ਰੀ ਆਨੰਦਪੁਰ ਸਾਹਿਬ 'ਚ 16 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ, ਸ਼ਬਦਾਰਥ ਪੋਥੀਆਂ ਅਤੇ ਗੁਟਕਾ ਸਾਹਿਬਾਨ ਦੀ ਬੇਅਦਬੀ ਹੋਣ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ ਹੈ। 
ਉਨ੍ਹਾਂ ਨੇ ਡੇਰੇ ਦੇ ਪ੍ਰਬੰਧਕ ਬਾਬਾ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ 22 ਨਵੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਪੱਤਰਕਾ ਜਾਰੀ ਕੀਤੀ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਆਸ-ਪਾਸ ਬਣੇ ਡੇਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਡੇਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਸ਼ੋਭਿਤ ਹਨ, ਜੇਕਰ ਉਥੇ ਮਰਿਆਦਾ ਅਨੁਸਾਰ ਸੇਵਾ-ਸੰਭਾਲ ਨਹੀਂ ਹੋ ਰਹੀ ਤਾਂ ਇਕ ਹਫਤੇ ਦੇ ਅੰਦਰ-ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਦਬ ਅਤੇ ਸਤਿਕਾਰ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਿਆ ਕੇ ਸੁਸ਼ੋਭਿਤ ਕਰਵਾ ਦੇਣ ਜਾਂ ਪ੍ਰਬੰਧਕਾਂ ਨੂੰ ਸੂਚਿਤ ਕਰ ਦੇਣ ਤਾਂ ਕਿ ਉਹ ਪਵਿੱਤਰ ਸਰੂਪ ਤਖਤ ਸਾਹਿਬ ਵਿਖੇ ਲਿਆਂਦੇ ਜਾ ਸਕਣ। ਜੇਕਰ ਕਿਸੇ ਵੀ ਡੇਰੇ 'ਚ ਪਵਿੱਤਰ ਸਰੂਪਾਂ ਦੀ ਸੇਵਾ-ਸੰਭਾਲ ਵਿਚ ਕੋਈ ਕਮੀ ਪਾਈ ਗਈ ਤਾਂ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।