ਓ. ਪੀ. ਸੋਨੀ ਗੁਰੂਦੁਆਰਾ ਗੁਰੂ ਕੇ ਮਹਿਲ ਵਿਖੇ ਨਤਮਸਤਕ

05/01/2021 5:04:47 PM

ਅੰਮ੍ਰਿਤਸਰ (ਵਿਪਨ ਅਰੋੜਾ) : ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕੈਬਨਿਟ ਮੰਤਰੀ  ਓ. ਪੀ. ਸੋਨੀ ਨੇ ਪੰਜਾਬ ਸਰਕਾਰ ਵਲੋਂ ਗੁਰੂ ਜੀ ਦੇ ਜਨਮ ਅਸਥਾਨ ਗੁਰੂਦੁਆਰਾ ਗੁਰੂ ਕੇ ਮਹਿਲ ਪਹੁੰਚ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਵਿਕਾਸ ਸੋਨੀ ਵੀ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਸੋਨੀ ਨੇ ਪ੍ਰਸ਼ਾਦ ਅਤੇ ਰੁਮਾਲਾ ਭੇਟ ਕੀਤਾ ਅਤੇ ਗੁਰੂ ਸਾਹਿਬ ਜ਼ੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਸੋਨੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਹਿੰਦ ਦੀ ਰੱਖਿਆ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਦੀ ਸੇਵਾ ਕਰ ਸਕਿਆ ਹਾਂ। ਮੇਰਾ ਵਿਧਾਨਸਭਾ ਹਲਕਾ ਭਾਗਾਂ ਵਾਲਾ ਹੈ ਜਿਸ ਨੂੰ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਜਿਥੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਨੂੰ ਯਾਦ ਕਰਦਾ ਹੋਇਆ ਸਤਿਕਾਰ ਭੇਟ ਕਰਨ ਆਇਆ ਹਾਂ, ਉਥੇ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਅਤੇ ਅਸੀਂ ਕੋਰੋਨਾ ਰੂਪੀ ਸੰਕਟ ਵਿਚੋਂ ਬਾਹਰ ਨਿਕਲ ਸਕੀਏ।

ਉਨਾਂ ਕਿਹਾ ਕਿ ਜੇ ਅੱਜ ਕੋਰੋਨਾ ਦਾ ਖ਼ਤਰਾ ਨਾ ਹੁੰਦਾ ਤਾਂ ਪੰਜਾਬ ਸਰਕਾਰ ਵਲੋਂ ਬਹੁਤ ਵੱਡੇ ਸਮਾਗਮ ਸਮੁੱਚੇ ਪੰਜਾਬ ਵਿੱਚ ਕਰਵਾਏ ਜਾਣੇ ਸਨ ਪਰ ਹੁਣ ਡਾਕਟਰੀ ਹਦਾਹਿਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਵਲੋਂ ਆਨਲਾਈਨ ਸਮਾਗਮ ਸਾਰਾ ਮਹੀਨਾ ਕਰਵਾਏ ਜਾਣੇ ਹਨ। ਜਿਸਦੀ ਸ਼ੁਰੂਆਤ ਅੱਜ ਉਨ੍ਹਾਂ ਨੇ ਕੀਤੀ ਹੈ।  ਇਸ ਮੌਕੇ ਗੁਰੂਦੁਆਰਾ ਪ੍ਰਬੰਧਕਾਂ ਵਲੋਂ ਸੋਨੀ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਗੁਰੂਦੁਆਰਾ ਕੰਪਲੈਕਸ ਵਿੱਚ ਇਸ ਮੌਕੇ ਬਾਬਾ ਸੁੱਚਾ ਸਿੰਘ ਕਿਲਾ ਆਨੰਦਗੜ੍ਹ ਵਾਲੇ, ਬਾਬਾ ਸਤਨਾਮ ਸਿੰਘ, ਬਾਬਾ ਵਾਹਿਗੁਰੂ ਸਿੰਘ, ਬਾਬਾ ਬਲਜੀਤ ਸਿੰਘ, ਬਾਬਾ ਚੰਨਾ ਸਿੰਘ ਵਲੋਂ ਵੀ ਸੋਨੀ ਅਤੇ ਆਏ ਪਤਵੰਤਿਆਂ ਨੂੰ ਸਰੋਪੇ ਭੇਟ ਕੀਤੇ ਗਏ।

Anuradha

This news is Content Editor Anuradha