ਥਰਮਲ ਮੋਰਚਾ, ਕੱਚੇ ਮੁਲਾਜ਼ਮਾਂ ਨੇ ਕੀਤਾ ਰੋਸ ਮਾਰਚ, ਫੂਕਿਆ ਸਰਕਾਰ ਦਾ ਪੁਤਲਾ

03/20/2018 1:06:52 PM

ਬਠਿੰਡਾ/ਭਗਤਾ ਭਾਈ (ਸੁਖਵਿੰਦਰ,ਢਿੱਲੋਂ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ 'ਚ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਨੇ ਮੋਰਚੇ ਦੇ 78ਵੇਂ ਦਿਨ ਜਿਥੇ ਸ਼ਹਿਰ 'ਚ ਰੋਸ ਮਾਰਚ ਕੀਤਾ, ਉਥੇ ਹੀ ਹਨੂਮਾਨ ਚੌਕ 'ਚ ਸਰਕਾਰ ਦਾ ਪੁਤਲਾ ਫੂਕ ਕੇ ਗੁੱਸਾ ਕੱਢਿਆ। ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਅਸ਼ਵਨੀ ਕੁਮਾਰ, ਯੂਨੀਅਨ ਦੇ ਜਨਰਲ ਸਕੱਤਰ ਵਿਜੇ ਕੁਮਾਰ, ਖਜ਼ਾਨਚੀ ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਜੇਕਰ ਪਾਵਰਕਾਮ ਪ੍ਰਬੰਧਨ ਨੇ 20 ਮਾਰਚ ਨੂੰ ਹੋਣ ਵਾਲੀ ਮੀਟਿੰਗ 'ਚ ਉਨ੍ਹਾਂ ਦੇ ਮਸਲੇ ਦਾ ਉਚਿਤ ਹੱਲ ਨਾ ਕੀਤਾ ਗਿਆ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਮੰਨੇ ਜਾਣ ਤੱਕ ਮੋਰਚੇ ਨੂੰ ਜਾਰੀ ਰੱਖਿਆ ਜਾਵੇਗਾ, ਜਿਸ ਲਈ ਰਾਸ਼ਨ ਅਤੇ ਫੰਡ ਆਦਿ ਲਗਾਤਾਰ ਇਕੱਠੇ ਕੀਤੇ ਜਾ ਰਹੇ ਹਨ। 
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਵਿਭਾਗਾਂ 'ਚ ਕੰਮ ਕਰਨ ਵਾਲੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸੱਤਾ ਮਿਲਦੇ ਹੀ ਉਨ੍ਹਾਂ ਨੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਨੌਕਰੀਆਂ ਹੀ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੋਰਚੇ ਨੂੰ ਲੋਕਾਂ ਅਤੇ ਜਥੇਬੰਦੀਆਂ ਦਾ ਭਾਰੀ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ, ਕਰਮਜੀਤ ਸਿੰਘ, ਗਗਨਦੀਪ ਸਿੰਘ, ਕ੍ਰਿਪਾਲ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।  
ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਥਰਮਲ ਪਲਾਂਟ ਦੀ ਤਾਲਮੇਲ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਆਗੂ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਕੇ ਕਰਮਚਾਰੀਆਂ ਦੇ 9 ਵਿਅਕਤੀ ਭੁੱਖ ਹੜਤਾਲ 'ਤੇ ਬੈਠੇ। ਜਾਣਕਾਰੀ ਦਿੰਦਿਆਂ ਪ੍ਰਕਾਸ਼ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਬਠਿੰਡਾ, ਲਹਿਰਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਸਾਹਮਣੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪਾਸੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਨੌਜਵਾਨਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ। 
ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਨਾਲ ਸੈਂਕੜੇ ਨੌਜਵਾਨ ਫਿਰ ਤੋਂ ਬੇਰੋਜ਼ਗਾਰ ਹੋ ਜਾਣਗੇ। ਇਸ ਤੋਂ ਇਲਾਵਾ ਕਰਮਚਾਰੀਆਂ ਵੱਲੋਂ ਥਰਮਲ ਪਲਾਂਟ ਦੇ ਗੇਟ 'ਤੇ ਰੋਸ ਰੈਲੀ ਵੀ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਥਰਮਲ ਪਲਾਂਟ ਨੂੰ ਮੁੜ ਸ਼ੁਰੂ ਕੀਤਾ ਜਾਵੇ, ਕਰਮਚਾਰੀਆਂ ਦੀਆਂ ਕੀਤੀਆਂ ਨਾਜਾਇਜ਼ ਬਦਲੀਆਂ ਨੂੰ ਰੱਦ ਕੀਤਾ ਜਾਵੇ। 
ਸਾਧੂ ਸਿੰਘ ਦੀ ਬੇਵਕਤੀ ਹੋਈ ਮੌਤ, ਇਲਾਕੇ 'ਚ ਸੋਗ ਦੀ ਲਹਿਰ 
ਉੱਘੇ ਸਮਾਜ ਸੇਵਕ ਆਗੂ ਸਾਧੂ ਸਿੰਘ ਦੀ ਬੇਵਕਤੀ ਹੋਈ ਮੌਤ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। 
ਇਸ ਸਬੰਧੀ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਵਿਖੇ ਪੰਜ ਮਿੰਟ ਦਾ ਮੌਨ ਰੱਖ ਕੇ ਸਕੂਲ-ਕਾਲਜ ਦੀਆਂ ਵਿਦਿਆਰਥਣਾਂ ਤੇ ਸਮੂਹ ਸਟਾਫ ਨੇ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।