ਮੁੱਖ ਮੰਤਰੀ ਦੇ ਦੌਰੇ ਕਾਰਨ ਗੁਰਦੁਆਰਾ ਸੰਤਘਾਟ ਦੇ ਦਰਸ਼ਨਾਂ 'ਤੇ ਲਗਾਈ ਰੋਕ, ਸੰਗਤ ਪਰੇਸ਼ਾਨ

11/23/2018 5:38:37 PM

ਸੁਲਤਾਨਪੁਰ ਲੋਧੀ (ਸੋਢੀ) : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ  ਭਾਰੀ ਗਿਣਤੀ 'ਚ ਸ਼ਰਧਾਲੂ ਸੁਲਤਾਨਪੁਰ ਲੋਧੀ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਸਮੇਂ ਪੰਜਾਬ ਸਰਕਾਰ ਵਲੋਂ ਨਵੀਂ ਦਾਣਾ ਮੰਡੀ ਵਿਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੁੱਖ ਮੰਤਰੀ ਤੇ ਹੋਰ ਹਸਤੀਆਂ ਪੁੱਜ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੈਲੀਕਾਪਟਰ ਲਈ ਹੈਲੀਪੈਡ ਪਵਿੱਤਰ ਵੇਈ ਦੇ ਨਾਲ ਬਣਾਇਆ ਗਿਆ ਹੈ, ਜਿਸ ਕਾਰਨ ਪਵਿੱਤਰ ਵੇਈ ਤੇ ਸ਼ਸ਼ੋਬਿਤ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਪੁਲਸ ਵਲੋਂ ਵੇਈ ਕਿਨਾਰੇ ਥਾਂ-ਥਾਂ ਰੱਸੇ ਬੰਨ ਕੇ ਰੋਕਾਂ ਲਗਾਈਆਂ ਹਨ ਤੇ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਦੇ ਦੌਰੇ ਕਾਰਨ ਗੁਰਦੁਆਰਾ ਸੰਤ ਘਾਟ ਸਾਹਿਬ ਦੇ ਦਰਸ਼ਨ ਕਰਨ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਦੇ ਚੱਲਦੇ ਸੰਗਤਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। 


ਕੁਝ ਪੁਲਸ ਕਰਮਚਾਰੀਆਂ ਵਲੋਂ ਡੰਡੇ ਦਿਖਾ ਕੇ ਸ਼ਰਧਾਲੂਆਂ ਨਾਲ ਬਦਕਲਾਮੀ ਵੀ ਕੀਤੀ ਜਾ ਰਹੀ ਹੈ। ਦੂਰ ਦੁਰਾਡੇ ਤੋਂ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹ ਬੜੀ ਆਸਥਾ ਲੈ ਕੇ ਸ਼ਰਧਾ ਨਾਲ ਸ੍ਰੀ ਮੂਲ ਮੰਤਰ ਸਾਹਿਬ ਦੇ ਪ੍ਰਗਟ ਅਸਥਾਨ ਦੇ ਦਰਸ਼ਨਾਂ ਲਈ ਆਏ ਸਨ।