ਗੁਰੂ ਨਾਨਕ ਦੇਵ ਹਸਪਤਾਲ ’ਚ ਚੋਰਾਂ ਦਾ ਬੋਲਬਾਲਾ

07/17/2018 2:39:04 AM

ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਜ ਕੱਲ੍ਹ ਚੋਰਾਂ ਦਾ ਬੋਲਬਾਲਾ ਹੈ। ਹਸਪਤਾਲ ਦੀਆਂ ਵੱਖ-ਵੱਖ ਵਾਰਡਾਂ ਵਿਚ ਦਾਖਲ ਮਰੀਜ਼ਾਂ ਨੂੰ ਚੋਰ ਨਾਕਸ ਸੁਰੱਖਿਆ ਪ੍ਰਬੰਧ ਹੋਣ ਕਾਰਨ ਆਪਣਾ ਨਿਸ਼ਾਨਾ ਬਣਾ ਰਹੇ ਹਨ। ਸਰਜੀਕਲ ਵਾਰਡ 2  ’ਚ ਬੀਤੇ ਦਿਨੀਂ ਚੋਰਾਂ ਨੇ 2 ਮਰੀਜ਼ਾਂ ਦੇ ਹਜ਼ਾਂਰਾਂ ਰੁਪਏ ਉਡਾ ਲਏ।  
 ®ਹਰਪਾਲ ਸਿੰਘ ਨਿਵਾਸੀ ਮੋਹਕਮਪੁਰਾ ਨੇ ਦੱਸਿਆ ਕਿ ਉਸ ਦੀ ਫੂਡ ਪਾਈਪ ਦਾ ਆਪ੍ਰੇਸ਼ਨ ਹੋਇਆ ਹੈ। ਉਹ ਹਸਪਤਾਲ ਦੀ ਸਰਜੀਕਲ ਵਾਰਡ ਨੰਬਰ 2 ਵਿਚ ਇਲਾਜ ਅਧੀਨ ਹੈ। ਐਤਵਾਰ ਦੇਰ ਰਾਤ ਉਹ ਖਾਣਾ ਅਤੇ ਦਵਾਈ ਖਾਣ ਦੇ ਬਾਅਦ  ਸੁੱਤਾ ਸੀ। ਸਵੇਰੇ ਜਦੋਂ ਉਠਿਆ ਤਾਂ ਉਸ ਦੀ ਜੇਬ ’ਚੋਂ ਪਰਸ ਗਾਇਬ ਸੀ। ਪਰਸ ਵਿਚ ਸਾਢੇ ਛੇ ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਵਾਰਡ ਵਿਚ ਦਾਖਲ ਕਸ਼ਮੀਰ ਤੋਂ ਆਏ ਇਕ ਨੌਜਵਾਨ ਦਾ ਬਾਰਾਂ ਹਜ਼ਾਰ ਰੁਪਏ ਦਾ ਮੋਬਾਇਲ ਚੋਰਾਂ ਨੇ ਉਡਾ ਲਿਆ। ਇਹ ਨੌਜਵਾਨ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਆਇਆ ਸੀ। ਆਪ੍ਰੇਸ਼ਨ ਕਰਵਾਉਣ ਦੇ ਬਾਅਦ ਅੱਜ ਹੀ ਕਸ਼ਮੀਰ ਪਰਤਣ ਵਾਲਾ ਸੀ।    ਹਰਪਾਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਸੁਰੱਖਿਆ ਕਰਮਚਾਰੀ ਵਾਰਡ ਦੇ ਆਲੇ-ਦੁਆਲੇ ਨਹੀਂ ਆਉਂਦੇ। ਰਾਤ ਦੇ ਸਮੇਂ ਸਟਾਫ ਵੀ ਵਾਰਡ ਵਿਚ ਨਹੀਂ ਆਉਂਦਾ।  ਵਾਰਡ ਦਾ ਦਰਵਾਜਾ ਖੁੱਲ੍ਹਾ ਰਹਿੰਦਾ ਹੈ। ਅਜਿਹੇ ਵਿਚ ਕੋਈ ਵੀ ਬਾਹਰੀ ਸ਼ਖਸ ਬੇਰੋਕ-ਟੋਕ ਅੰਦਰ ਆ ਜਾਂਦਾ ਹੈ।