550 ਸਾਲਾ ਗੁਰਪੁਰਬ ਦੇ ਨਾਂ 'ਤੇ ਤੋੜੇ ਜਾ ਰਹੇ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ

04/14/2019 3:51:03 PM

ਮੰਡੀ ਗੋਬਿੰਦਗੜ੍ਹ (ਮੱਗੋ)— ਸੰਸਾਰ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਸਬੰਧ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਦੀ ਧਰਤੀ 'ਤੇ ਆਯੋਜਿਤ ਹੋਣ ਵਾਲੇ ਸਮਾਰੋਹਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦੇ ਅਹੁਦੇਦਾਰ ਸਮਾਰੋਹ ਤੇ ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਦੇ ਨਾਮ 'ਤੇ ਵਿਦੇਸ਼ਾਂ 'ਚ ਵਸੇ ਸਿੱਖਾਂ ਤੋਂ ਫੰਡ ਇਕੱਠਾ ਕਰਨ ਲਈ ਘੁੰਮ ਰਹੇ ਹਨ। ਇਕੱਠੇ ਕੀਤੇ ਜਾ ਰਹੇ ਇਸੇ ਫੰਡ ਨਾਲ ਪਾਕਿਸਤਾਨ ਸਥਿਤ ਸੈਂਕੜਾ ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਕਾਰ ਸੇਵਾ ਦੇ ਨਾਮ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਜ਼ 'ਤੇ ਮਲੀਆਮੇਟ ਕਰ ਕੇ ਉਨ੍ਹਾਂ ਦੀ ਥਾਂ ਨਵੇਂ ਆਲੀਸ਼ਾਨ ਪੰਜ ਤਾਰਾ ਗੁਰਦੁਆਰਾ ਸਾਹਿਬ ਉਸਾਰੇ ਜਾ ਰਹੇ ਹਨ, ਜਿਨ੍ਹਾਂ ਦੀ ਸਿੱਖ ਸੰਗਤ ਨੂੰ ਕੋਈ ਲੋੜ ਵੀ ਨਹੀਂ ਤੇ ਇਸ ਨਾਲ ਸਿੱਖ ਇਤਿਹਾਸ ਤੇ ਸਿੱਖ ਵਿਰਸਾ ਖਤਮ ਕਰਨ ਦੀ ਸਾਜਿਸ਼ ਰੱਚੀ ਜਾ ਰਹੀ ਹੈ ਤਾਂ ਕਿ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਵਿਰਸੇ ਤੇ ਇਤਿਹਾਸ ਤੋਂ ਦੂਰ ਕੀਤਾ ਜਾ ਸਕੇ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ।

ਇਹ ਵਿਚਾਰ ਕੈਨੇਡਾ ਵਾਸੀ ਕੁਲਬੀਰ ਸਿੰਘ ਚਾਵਲਾ ਨੇ 'ਜਗ ਬਾਣੀ' ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੰਸਾਰ ਭਰ 'ਚ ਵਸਦੇ ਸਿੱਖ ਭਾਈਚਾਰੇ ਲਈ ਇਹ ਇਕ ਵੱਡੀ ਚੁਣੌਤੀ ਹੈ ਕਿ ਐੱਸ. ਜੀ. ਪੀ. ਸੀ. ਦੀ ਤਰਜ਼ 'ਤੇ ਸ਼ੁਰੂ ਕੀਤੀ ਗਈ ਪੀ. ਐੱਸ. ਜੀ. ਪੀ. ਸੀ. ਦੇ ਗੋਪਾਲ ਸਿੰਘ ਚਾਵਲਾ ਸਮੇਤ ਹੋਰਨਾਂ ਅਧਿਕਾਰੀਆਂ ਵਲੋਂ ਇਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਖਤਮ ਕੀਤੇ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਬੀਤੇ ਸਾਲ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਪਾਉਂਟਾ ਸਾਹਿਬ ਵਿਖੇ ਜਿਸ ਸਥਾਨ 'ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਾਪ ਸਾਹਿਬ ਜੀ ਦੇ ਪਵਿੱਤਰ ਪਾਠ ਦਾ ਉਚਾਰਣ ਕੀਤਾ ਗਿਆ ਸੀ ਤੇ ਸ੍ਰੀ ਤਰਨਤਾਰਨ ਸਾਹਿਬ ਜੀ ਦੀ ਪਵਿੱਤਰ ਦਰਸ਼ਨੀ ਡਿਉਢੀ ਆਦਿ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਾਡੀ ਅਨਮੋਲ ਵਿਰਾਸਤ 'ਤੇ ਕਾਰ ਸੇਵਾ ਦੇ ਨਾਮ 'ਤੇ ਹਥੌੜੇ ਚਲਾਏ ਜਾ ਰਹੇ ਹਨ ਤੇ ਇਹ ਆਪੇ ਥਾਪੇ ਬਾਬੇ ਇਹ ਕਾਰਾ ਕਰ ਕੇ ਆਪਣੀ ਪ੍ਰਸ਼ੰਸਾ ਕਰਵਾਉਣ ਲਈ ਇਸ ਦੀਆਂ ਫੋਟੋਆਂ ਖਿਚਵਾ ਕੇ ਖੁਸ਼ ਹੋ ਰਹੇ ਹਨ, ਜਦਕਿ ਸਿੱਖ ਸੰਗਤ ਵਿਰੋਧ ਕਰਨ ਦੀ ਥਾਂ ਅਵੇਸਲੀ ਹੋਈ ਬੈਠੀ ਹੈ।

ਉਨ੍ਹਾਂ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਨੂੰ ਆਪਣੀ ਵਿਰਾਸਤ ਦੀ ਸੰਭਾਲ ਤੇ ਉਸ ਨੂੰ ਤੋੜਣ ਤੋਂ ਬਚਾਉਣ ਲਈ ਅੱਗੇ ਆਉਣਾ ਪਵੇਗਾ ਤਾਂ ਹੀ ਅਸੀ ਆਪਣੀ ਵਡਮੁੱਲੀ ਵਿਰਾਸਤ ਨੂੰ ਇਨ੍ਹਾਂ ਧਰਮ ਦੇ ਠੇਕੇਦਾਰਾਂ ਤੇ ਕਾਰ ਸੇਵਾ ਵਾਲਿਆਂ ਤੋਂ ਬਚਾਅ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਧ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਸ ਵਡਮੁੱਲੀ ਵਿਰਾਸਤ ਨੂੰ ਖਤਮ ਕਰਨ ਲਈ ਪੀ. ਐੱਸ. ਜੀ. ਪੀ. ਸੀ. ਵੀ ਐੱਸ. ਜੀ. ਪੀ. ਸੀ. ਵਾਂਗ ਵਿਦੇਸ਼ਾਂ 'ਚ ਵਸੇ ਸਿੱਖਾਂ ਤੋਂ ਹੀ ਫੰਡ ਇਕੱਠੇ ਕਰਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਦਿਨੀਂ ਇਹ ਲੋਕ ਇੰਗਲੈਂਡ ਤੇ ਫਿਰ ਕੈਨੇਡਾ ਤੇ ਅਮਰੀਕਾ 'ਚੋਂ ਫੰਡ ਇਕੱਠੇ ਕਰਨ ਲਈ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਵੀ ਇਨ੍ਹਾਂ ਦੀ ਮਦਦ ਸਿੱਖਾਂ ਤੋਂ ਪੈਸੇ ਇਕੱਠੇ ਕਰਨ ਲਈ ਉਹ ਹੀ ਲੋਕ ਕਰਦੇ ਹਨ ਜੋ ਕਿ ਇਨ੍ਹਾਂ ਪ੍ਰਧਾਨਾ ਦੀ ਸ਼ੈਅ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਵਰੂਪ ਸ਼ਿਪ ਰਾਹੀਂ ਕੰਟੇਨਰਾਂ 'ਚ ਲੱਦ ਕੇ ਸਾਮਾਨ ਵਾਂਗ ਲਿਆਉਂਦੇ ਹਨ ਤੇ ਇਨ੍ਹਾਂ ਨੂੰ ਵੇਚਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸੰਸਾਰ ਦੀਆਂ ਸਾਰੀਆਂ ਜਾਤਾਂ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਤੇ ਧਰੋਹਰਾਂ ਨੂੰ ਬਚਾਉਣ ਲਈ ਹਰ ਹੀਲਾ ਵਸੀਲਾ ਕਰਦੇ ਹਨ, ਜਦਕਿ ਸਿੱਖ ਧਰਮ ਦੇ ਪਵਿੱਤਰ ਗੁਰਦੁਆਰਾ ਸਾਹਿਬਾਨ ਨੂੰ ਸਾਡੇ ਹੀ ਆਗੂ ਆਪਣੀ ਝੂਠੀ ਪ੍ਰਸ਼ੰਸਾ ਲਈ ਹਥੌੜੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਅਮਰੀਕਾ ਤੇ ਕੈਨੇਡਾ ਸਥਿਤ ਭਾਰਤੀ ਤੇ ਪਾਕਿਸਤਾਨੀ ਅੰਬੈਸੀਆਂ ਨੂੰ ਪੱਤਰ ਲਿਖੇ ਹਨ ਤਾਂ ਕਿ ਸਾਡੀ ਵਿਰਾਸਤ ਨੂੰ ਤੋੜਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ਤੇ ਪੀ. ਐੱਸ. ਜੀ. ਪੀ. ਸੀ. ਨੇ ਇਤਿਹਾਸਕ ਤੇ ਪੁਰਾਤਨ ਵਿਰਾਸਤੀ ਗੁਰਦੁਆਰਾ ਸਾਹਿਬਾਨ ਨੂੰ ਕਾਰ ਸੇਵਾ ਦੇ ਨਾਮ 'ਤੇ ਤੋੜਨਾ ਬੰਦ ਕੀਤਾ ਤਾਂ ਉਹ ਇਸ ਵਿਰੁੱਧ ਸਖਤ ਕਾਰਵਾਈ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਨਾਮ 'ਤੇ ਜੋ ਗੁਰਦੁਆਰਾ ਸਾਹਿਬ ਤੋੜੇ ਜਾ ਰਹੇ ਹਨ ਉਸ ਦੀ ਅਗਵਾਈ ਗੋਪਾਲ ਸਿੰਘ ਚਾਵਲਾ ਵਲੋਂ ਕੀਤੀ ਜਾ ਰਹੀ ਹੈ। ਇਸ ਲਈ ਉਹ ਗੋਪਾਲ ਸਿੰਘ ਚਾਵਲਾ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਤਰ੍ਹਾਂ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਨਾ ਬਣਨ।

Shyna

This news is Content Editor Shyna