ਮਹਿਲਾ ਸੇਵਾਦਾਰ ਨੇ ਖੁਦ ਨੂੰ ਲਗਾਈ ਅੱਗ, ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਲਿਖਿਆ ਸੁਸਾਈਡ ਨੋਟ

05/01/2018 7:34:33 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਗਿੱਦੜਬਾਹਾ ਸਥਿਤ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਵਿਚ ਸੇਵਾਦਾਰ ਦੀ ਨੌਕਰੀ ਕਰਨ ਵਾਲੀ ਮਹਿਲਾ ਨੇ ਤੇਲ ਪਾ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਉਕਤ ਮਹਿਲਾ 45 ਫੀਸਦੀ ਤਕ ਝੁਲਸ ਗਈ ਅਤੇ ਉਸ ਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਆਤਮਹੱਤਿਆ ਦਾ ਕਾਰਨ ਪੀੜਤ ਮਹਿਲਾ ਨੇ ਚਾਰ ਮਹੀਨੇ ਤੋਂ ਤਨਖਾਹ ਨਾ ਮਿਲਣ ਅਤੇ ਪ੍ਰਿੰਸੀਪਲ ਵਲੋਂ ਜਲੀਲ ਕਰਨਾ ਦੱਸਿਆ ਹੈ। ਦੂਜੇ ਪਾਸੇ ਥਾਣਾ ਕੋਟਭਾਈ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਲਿਖਿਆ ਨੋਟ
ਆਤਮਹੱਤਿਆ ਦਾ ਯਤਨ ਕਰਨ ਤੋਂ ਪਹਿਲਾਂ ਉਕਤ ਮਹਿਲਾ ਕਿਰਨਪ੍ਰੀਤ ਕੌਰ ਵਾਸੀ ਪਿੰਡ ਕੋਟਭਾਈ ਸ੍ਰੀ ਮੁਕਤਸਰ ਸਾਹਿਬ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਸੁਸਾਈਡ ਨੋਟ ਲਿਖਿਆ। ਜਿਸ ਵਿਚ ਉਸ ਨੇ ਮੌਤ ਲਈ ਕਾਲਜ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਕਾਲਜ ਸੰਬੰਧੀ ਹੋਰ ਸ਼ਿਕਾਇਤਾਂ ਵੀ ਲਿਖੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਕਾਲਜ ਦੇ ਚੇਅਰਮੈਨ ਦੱਸੇ ਜਾ ਰਹੇ ਹਨ। 
ਹਸਪਤਾਲ 'ਚ ਜੇਰੇ ਇਲਾਜ ਕਿਰਨਪ੍ਰੀਤ ਕੌਰ ਦੇ ਪਤੀ ਦੀ ਮੌਤ ਚੁੱਕੀ ਹੈ ਅਤੇ ਉਹ ਗਿੱਦੜਬਾਹਾ ਸਥਿਤ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਵਿਚ ਸੇਵਾਦਾਰ ਵਜੋਂ 6 ਸਾਲ ਤੋਂ ਕੰਮ ਕਰ ਰਹੀ ਹੈ। ਪਿਛਲੇ ਚਾਰ ਮਹੀਨੇ ਤੋਂ ਕਾਲਜ ਵਲੋਂ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ। ਕਈ ਵਾਰ ਤਨਖਾਹ ਅਤੇ ਪੀ. ਐੱਫ. ਲੈਣ ਕਾਲਜ ਗਈ ਪਰ ਉਥੇ ਲਾਰਾ ਲਗਾ ਦਿੱਤਾ ਜਾਂਦਾ। ਸ਼ਨੀਵਾਰ ਜਦੋਂ ਉਹ ਪੈਸੇ ਲੈਣ ਕਾਲਜ ਗਈ ਤਾਂ ਪ੍ਰਿੰਸੀਪਲ ਨੇ ਉਸ ਨੂੰ ਜਲੀਲ ਕਰਕੇ ਭੇਜ ਦਿੱਤਾ। ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸ ਨੇ ਖੁਦ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ।