ਸੰਗਤਾਂ ਨੇ ਭਾਈ ਰੂਪਾ ਤੋਂ ਰੱਥ ਗੁਰਦੁਆਰਾ ਬੀੜ ਸਾਹਿਬ ਲਿਆਉਣ ਦੀ ਕੀਤੀ ਮੰਗ

09/26/2017 4:04:19 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਜਿਸ ਰੱਥ 'ਤੇ ਸਵਾਰ ਹੋ ਕੇ ਬੀੜ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਕੋਲ ਪੁੱਜੇ ਸਨ ਉਸ ਰੱਥ ਨੂੰ ਗੁਰਦੁਆਰਾ ਬੀੜ ਸਾਹਿਬ ਵਿਖੇ ਸ਼ਸ਼ੋਭਿਤ ਕਰਨ ਦੀ ਇਲਾਕੇ ਦੀਆਂ ਸੰਗਤਾਂ ਵੱਲੋਂ ਐੱਸ. ਜੀ. ਪੀ. ਸੀ ਤੋਂ ਮੰਗ ਕੀਤੀ ਜਾ ਰਹੀ ਹੈ। ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਕਸ਼ਮੀਰ ਸਿੰਘ ਗੰਡੀਵਿੰਡ ਦੀ ਅਗਵਾਈ 'ਚ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ 'ਚ ਵਿਸ਼ੇਸ਼ ਤੌਰ 'ਤੇ ਚੇਅਰਮੈਨ ਹਰਵੰਤ ਸਿੰਘ ਝਬਾਲ, ਮਾਸਟਰ ਗੁਰਬੀਰ ਸਿੰਘ ਐਮਾਂ, ਇਕਬਾਲ ਸਿੰਘ ਬਾਲੇ ਸ਼ਾਹ, ਸਾਬਕਾ ਵਾਇਸ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸੁਬੇਗ ਸਿੰਘ ਝਬਾਲ ਅਤੇ ਮਨਜੀਤ ਸਿੰਘ ਮੈਂਬਰ ਬਲਾਕ ਸਮੰਤੀ ਝਬਾਲ ਆਦਿ ਸ਼ਾਮਲ ਸਨ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਭੂਰੇ ਅਤੇ ਮੈਨੇਜਰ ਗੁਰਦੁਆਰਾ ਬੀੜ ਸਾਹਿਬ ਭਾਈ ਜਸਪਾਲ ਸਿੰਘ ਢੱਡੇ ਰਾਹੀਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਜਿਸ ਰੱਥ 'ਤੇ ਆਪਣੀ ਦਾਸੀ ਸਮੇਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਵਾਉਣ ਲਈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕੋਲ ਬੀੜ (ਜਿਸ ਅਸਥਾਨ 'ਤੇ ਹੁਣ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਸ਼ਸ਼ੋਭਿਤ ਹੈ) ਵਿਖੇ ਮਿੱਸ਼ੇ ਪ੍ਰਸ਼ਾਦੇ, ਅਚਾਰ, ਗੰਡੇ ਅਤੇ ਲੱਸੀ ਲੈ ਕੇ ਪੁੱਜੇ ਸਨ ਅਤੇ ਇਸ ਅਸਥਾਨ ਤੋਂ ਉਨ•ਾਂ ਨੂੰ ਬਾਬਾ ਬੁੱਢਾ ਸਾਹਿਬ ਵੱਲੋਂ ਵਾਹਿਗੁਰੂ ਅੱਗੇ ਕੀਤੀ ਗਈ ਅਰਦਾਸ ਉਪਰੰਤ ਪੁੱਤਰ (ਛੇਵੇਂ ਪਾਤਿਸਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ) ਦੀ ਪ੍ਰਾਪਤੀ ਹੋਈ ਸੀ। ਉਹ ਰੱਥ ਜੋ ਕਿ ਭਾਈ ਰੂਪਾ (ਬਠਿੰਡਾ) ਵਿਖੇ ਕਿਸੇ ਸ਼ਰਧਾਲੂ ਵੱਲੋਂ ਆਪਣੇ ਘਰ 'ਚ ਰੱਖੀ ਗਈ ਹੈ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਸ਼ਸੋਭਿਤ ਕੀਤਾ ਜਾਵੇ। ਸੰਗਤਾਂ ਨੇ ਕਮੇਟੀ ਤੋਂ ਮੰਗ ਕੀਤੀ ਕਿ ਗੁਰਦੁਆਰਾ ਬੀੜ ਸਾਹਿਬ ਵਿਖੇ 5, 6, 7 ਅਕਤੂਬਰ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਮਾਤਾ ਗੰਗਾ ਜੀ ਦੀ ਰੱਥ ਭਈ ਰੂਪਾ ਤੋਂ ਲਿਆਉਣ ਦੇ ਸ਼੍ਰੋਮਣੀ ਕਮੇਟੀ ਪ੍ਰਬੰਧ ਜ਼ਰੂਰ ਕਰੇ। ਇਸ ਮੌਕੇ ਭਾਈ ਮਨਜੀਤ ਸਿੰਘ ਅਤੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਅੱਗੇ ਰੱਖਿਆ ਜਾਵੇਗਾ। ਇਸ ਮੌਕੇ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਹੈੱਡ ਗ੍ਰੰਥੀ ਗੁ. ਬੀੜ ਸਾਹਿਬ, ਬਾਬਾ ਸੋਹਨ ਸਿੰਘ ਕਾਰ ਸੇਵਾ ਵਾਲੇ, ਮਾ. ਜੋਗਿੰਦਰ ਸਿੰਘ ਐਮਾਂ, ਸੁਖਵੰਤ ਸਿੰਘ ਪ੍ਰਚਾਰਕ, ਦਿਲਬਾਗ ਸਿੰਘ ਝਬਾਲ, ਗੁਰਜੀਤ ਸਿੰਘ ਪੰਜਵੜ 'ਤੇ ਹੋਰ ਆਗੂ ਹਾਜ਼ਰ ਸਨ।