ਤਿਰੰਗੇ ’ਚ ਪਰਤੇ ਗੁਰਪ੍ਰੀਤ ਸਿੰਘ ਦਾ ਸੈਨਿਕ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

06/15/2022 8:18:38 PM

ਬਟਾਲਾ/ਕਲਾਨੌਰ (ਬੇਰੀ, ਮਨਮੋਹਨ) : ਭਾਰਤੀ ਸੈਨਾ ਦੀ 14 ਪੰਜਾਬ ਰੈਜੀਮੈਂਟ ਦੇ ਸਿਪਾਹੀ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਤਾਇਨਾਤੀ 4 ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਸੈਕਟਰ ’ਚ ਸੀ, ਬੀਤੇ ਦਿਨੀਂ ਮੁਸਤੈਦੀ ਨਾਲ ਡਿਊਟੀ ਦੇ ਰਹੇ ਸਨ ਕਿ ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦੇ ਜੱਦੀ ਪਿੰਡ ਮਲਕਪੁਰ ’ਚ ਪੂਰੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਤਿਰੰਗੇ ’ਚ ਲਿਪਟੀ ਸਿਪਾਹੀ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼੍ਰੀਨਗਰ ਤੋਂ ਏਅਰ ਲਿਫਟ ਕਰਕੇ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ ਲਿਆਂਦਾ ਗਿਆ, ਜਿਥੋਂ ਸੈਨਾ ਦੇ ਵਾਹਨਾਂ ਰਾਹੀਂ ਉਨ੍ਹਾਂ ਨੂੰ ਪਿੰਡ ਮਲਕਪੁਰ ਲਿਆਦਾ ਗਿਆ ਤੇ ਜਦੋਂ ਪਿੰਡ ਪਹੁੰਚੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦੌਰਾਨ ਤਿੱਬੜੀ ਕੈਂਟ ਤੋਂ ਪਹੁੰਚੀ ਸੈਨਾ ਦੀ 11 ਗਡਵਾਲ ਯੂਨਿਟ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ, ਹਵਾ ’ਚ ਗੋਲੀਆਂ ਦਾਗਦੇ ਹੋਏ, ਬਿਗੁਲ ਦੀ ਗੌਰਵਸ਼ਾਲੀ ਧੁੰਨ ਦੇ ਨਾਲ ਸ਼ਹੀਦ ਸੈਨਿਕ ਗੁਰਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ।

ਪੁੱਤ ਦੀ ਅਰਥੀ ਨੂੰ ਮੋਢਾ ਦੇ ਕੇ ਮਾਂ ਨੇ ਦਿੱਤੀ ਅੰਤਿਮ ਵਿਦਾਇਗੀ


ਵੀਰਤਾ ਦਾ ਸਬੂਤ ਦਿੰਦਿਆਂ ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਜਦ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇ ਕੇ ਸ਼ਮਸ਼ਾਨਘਾਟ ਲਿਜਾਣ ਲੱਗੀ ਤਾਂ ਸ਼ਹੀਦੀ ਦੀ ਅੰਤਿਮ ਯਾਤਰਾ ’ਚ ਸ਼ਾਮਲ ਸੈਂਕੜੇ ਲੋਕ ਸ਼ਹੀਦ ਦੀ ਮਾਤਾ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ, ਭਾਰਤੀ ਸੈਨਾ ਜ਼ਿੰਦਾਬਾਦ, ਸਿਪਾਹੀ ਗੁਰਪ੍ਰੀਤ ਸਿੰਘ ਅਮਰ ਰਹੇ ਦੇ ਜੈਕਾਰੇ ਲਗਾਉਣ ਲੱਗ ਪਏ। ਸ਼ਹੀਦੀ ਦੀ ਚਿਤਾ ਨੂੰ ਮੁੱਖ ਅਗਨੀ ਉਸ ਦੇ ਵੱਡੇ ਭਰਾ ਸੁਮਿਤਪਾਲ ਸਿੰਘ ਨੇ ਦਿੱਤੀ।

ਪੁੱਤਰ ਕਹਿੰਦਾ ਸੀ ਮਾਂ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਰੋਈ ਨਾ...
ਤਿਰੰਗੇ ’ਚ ਵਾਪਸ ਪਰਤੇ ਸਿਪਾਹੀ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਜਦ ਘਰ ਪਹੁੰਚੀ ਤਾਂ ਪੱਥਰ ਦੀ ਮੂਰਤ ਬਣੀ ਮਾਂ ਕੁਲਵਿੰਦਰ ਕੌਰ ਦੀਆਂ ਅੱਖਾਂ ’ਚੋਂ ਇਕ ਵੀ ਹੰਝੂ ਨਹੀਂ ਡਿੱਗਾ ਅਤੇ ਉਹ ਸਿਰਫ ਆਪਣੇ ਪੁੱਤਰ ਨੂੰ ਨਿਹਾਰਦੀ ਰਹੀ। ਕੁਲਵਿੰਦਰ ਕੌਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਡਿਊਟੀ ਦੌਰਾਨ ਕਦੇ ਮੈਨੂੰ ਕੁਝ ਹੋ ਗਿਆ ਤਾਂ ਰੋਈ ਨਾ ਕਿਉਂਕਿ ਜਦ ਇਕ ਸੈਨਿਕ ਵਰਦੀ ਪਾ ਲੈਂਦਾ ਹੈ ਤਾਂ ਉਸ ਦੀ ਜ਼ਿੰਦਗੀ ਦੇਸ਼ ਦੀ ਅਮਾਨਤ ਬਣ ਜਾਂਦੀ ਹੈ, ਇਸ ਲਈ ਮੈਂ ਰੋਵਾਂਗੀ ਨਹੀਂ। ਮਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਸਲੂਟ ਕਰ ਰਿਹਾ ਸੀ।

ਪ੍ਰੀਸ਼ਦ ਪਰਿਵਾਰ ਨੂੰ ਟੁੱਟਣ ਨਹੀਂ ਦੇਵੇਗੀ : ਕੁੰਵਰ ਵਿੱਕੀ


ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਗੁਰਪ੍ਰੀਤ ਦੇ ਮੋਢਿਆਂ ’ਤੇ ਪਰਿਵਾਰ ਦੀ ਜ਼ਿੰਮੇਵਾਰੀ ਸੀ, ਉਨ੍ਹਾਂ ਦੇ ਜਾਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਜੋ ਪਹਾੜ ਟੁੱਟਾ ਹੈ, ਇਸ ਸਦਮੇ ਤੋਂ ਉਭਰਨ ਲਈ ਉਨ੍ਹਾਂ ਨੂੰ ਸਮਾਂ ਲੱਗੇਗਾ ਪਰ ਉਨ੍ਹਾਂ ਦੀ ਪ੍ਰੀਸ਼ਦ ਇਸ ਦੁਖੀ ਦੀ ਘੜੀ ’ਚ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਮਨੋਬਲ ਨੂੰ ਅਸੀਂ ਟੁੱਟਣ ਨਹੀਂ ਦੇਵਾਂਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ’ਚ ਸਿਪਾਹੀ ਗੁਰਪ੍ਰੀਤ ਸਿੰਘ ਦੀ ਯਾਦ ’ਚ ਯਾਦਗਾਰ ਗੇਟ ਬਣਾਇਆ ਜਾਵੇ ਅਤੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ।

ਅੰਤਿਮ ਸੰਸਕਾਰ ’ਚ ਨਹੀਂ ਪਹੁੰਚਿਆ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ, ਲੋਕਾਂ ’ਚ ਰੋਸ
ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ’ਚ ਜਿਥੇ ਇਲਾਕੇ ਦੇ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਇਲਾਕੇ ਭਰ ਤੋਂ ਸੈਂਕੜੇ ਲੋਕਾਂ ਨੇ ਸ਼ਾਮਲ ਹੋ ਕੇ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਪੰਜਾਬ ਸਰਕਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਅਧਿਕਾਰੀ ਜਾਂ ਨੁਮਾਇੰਦੇ ਦੇ ਅੰਤਿਮ ਸੰਸਕਾਰ ’ਚ ਨਾ ਪਹੁੰਚਣ ਨਾਲ ਪਰਿਵਾਰ ਤੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਸੀ।

ਇਨ੍ਹਾਂ ਨੇ ਦਿੱਤੀ ਸ਼ਰਧਾਂਜਲੀ


ਇਸ ਮੌਕੇ ਸ਼ਹੀਦ ਦੀ ਮਾਤਾ ਨੇ ਆਪਣੇ ਪੁੱਤ ਨੂੰ ਸਲੂਟ ਕੀਤਾ, ਉੱਥੇ ਹੀ ਭਰਾ ਸੁਮਿਤ ਪਾਲ ਸਿੰਘ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸਟੇਸ਼ਨ ਹੈੱਡਕੁਆਰਟਰ ਤਿੱਬੜੀ ਕੈਂਟ ਦੇ ਕਮਾਂਡਰ ਵੱਲੋਂ ਨਾਇਬ ਸੂਬੇਦਾਰ ਅਨੁਪਨ ਸਿੰਘ, ਹੌਲਦਾਰ ਦਿਗੰਬਰ ਸਿੰਘ, ਗੁਰਪ੍ਰੀਤ ਦੇ ਯੂਨਿਟ ਦੇ ਸੂਬੇਦਾਰ ਪੁਰਸ਼ੋਤਮ ਸਿੰਘ, ਹੌਲਦਾਰ ਬਲਜਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ, ਸਿਪਾਹੀ ਹਰਮਨ ਸਿੰਘ, ਸ਼ਹੀਦ ਦੇ ਚਾਚਾ ਸੁਲੱਖਣ ਸਿੰਘ, ਮਾਮਾ ਏ.ਐੱਸ.ਆਈ. ਰਣਜੀਤ ਸਿੰਘ, ਬਲਦੇਵ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ, ਸਰਪੰਚ ਜਸਬੀਰ ਕੌਰ, ਸੂਬਾ ਸਿੰਘ ਆਦਿ ਨੇ ਰੀਥ ਚੜ੍ਹਾ ਕੇ ਸਿਪਾਹੀ ਗੁਰਪ੍ਰੀਤ ਸਿੰਘ ਨੂੰ ਨਮਨ ਕੀਤਾ।

Mukesh

This news is Content Editor Mukesh