ਕਾਂਗੜ ਦਾ ਮੰਤਰੀ ਬਣਨਾ ਕੈਪਟਨ ਦੇ ਇਕ ਤੀਰ ਨਾਲ ਦੋ ਨਿਸ਼ਾਨੇ

04/22/2018 2:10:44 PM

ਬਠਿੰਡਾ (ਬਲਵਿੰਦਰ) — ਅੱਜ ਕਲ ਮਾਲਵਾ ਦੇ ਸਿਆਸੀ ਖੇਤਰਾਂ 'ਚ ਪ੍ਰਮੁੱਖ ਤੌਰ 'ਤੇ ਇਹ ਹੀ ਚਰਚਾ ਦਾ ਵਿਸ਼ਾ ਹੈ ਕਿ ਗੁਰਪ੍ਰੀਤ ਕਾਂਗੜ ਨੂੰ ਮੰਤਰੀ ਬਣਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ ਹਨ, ਜਿਸ ਦਾ ਲਾਭ ਅਗਲੀ ਲੋਕ ਸਭਾ ਦੀਆਂ ਚੋਣਾਂ 'ਚ ਮਿਲ ਸਕਦਾ ਹੈ। ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਚਾਲੇ ਤਣਾਅ ਲੰਮੇ ਸਮੇਂ ਤੋਂ ਚਲ ਰਿਹਾ ਹੈ।
2 ਵੱਡੇ ਆਗੂਆਂ 'ਚ ਤਣਾਅ ਹੋਣਾ ਸੁਭਾਵਿਕ ਵੀ ਹੈ। ਮਾਲਵਾ ਖੇਤਰ ਦਾ ਇਕਲੌਤਾ ਮੰਤਰੀ ਹੋਣ ਦੇ ਕਾਰਨ ਮਨਪ੍ਰੀਤ ਸਿੰਘ ਬਾਦਲ ਦੀ ਗੁੱਡੀ ਚੜ੍ਹੀ ਹੋਈ ਸੀ, ਜੋ ਕੈਪਟਨ ਗਰੁੱਪ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਸ਼ਾਇਦ ਕੈਪਟਨ ਨੇ ਹਲਕੇ 'ਚ ਆਪਣਾ ਖਾਸਮਖਾਸ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਬਣਾ ਕੇ ਮਨਪ੍ਰੀਤ ਸਿੰਘ ਬਾਦਲ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਮਾਲਵਾ ਖੇਤਰ ਹੀ ਸੀ,ਜਿਥੇ ਆਮ ਆਦਮੀ ਪਾਰਟੀ ਦਾ ਦਬਾਅ ਵੱਧ ਰਿਹਾ ਤੇ ਉਸ ਨੇ ਸਭ ਤੋਂ ਵੱਧ ਸੀਟਾਂ 'ਚ ਇਸ ਖੇਤਰ 'ਚ ਹੀ ਪ੍ਰਾਪਤ ਕੀਤਾ, ਜਿਵੇਂ ਕਿ ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ ਮਾਨਸਾ, ਬੁਢਲਾਡਾ, ਭਦੌੜ, ਬਰਨਾਲਾ, ਮਹਿਲਾ ਕਲਾਂ, ਜੈਤੋਂ ਕੋਟਕਪੂਰਾ, ਨਿਹਾਲ ਸਿੰਘ ਵਾਲਾ ਆਦਿ ਹਲਕਾਂ 'ਚ ਆਮ ਆਦਮੀ ਪਾਰਟੀ ਜੇਤੂ ਰਹੀ, ਜਦ ਕਿ ਪਹਿਲਾਂ ਕਾਂਗਰਸ ਚੰਗੀ ਪੋਜ਼ੀਸ਼ਨ 'ਚ ਰਹਿੰਦੀ ਸੀ। ਉਸ ਨੂੰ ਸਰਦੂਲਗੜ੍ਹ, ਮੁਕਤਸਰ, ਲੰਬੀ, ਅਬੋਹਰ, ਜਲਾਲਾਬਾਦ ਸੀਟਾਂ 'ਤੇ ਵੀ ਕਾਂਗਰਸ ਨੂੰ ਅਕਾਲੀ-ਭਾਜਪਾ ਦੇ ਹੱਥੋਂ ਹਾਰ ਝੇਲਣੀ ਪਈ।
ਮਨਪ੍ਰੀਤ ਸਿੰਘ ਬਾਦਲ ਦੇ ਮੰਤਰੀ ਬਨਣ ਤੋਂ ਬਾਅਦ ਉਮੀਦ ਸੀ ਕਿ ਵੱਡੀ ਗਿਣਤੀ 'ਚ ਸੀਟਾਂ 'ਤੇ ਕਾਂਗਰਸ ਫਿਰ ਮਜ਼ਬੂਤ ਹੋ ਕੇ ਉਭਰੇਗੀ, ਜਿਸ ਦੇ ਨਤੀਜੇ ਲੋਕ ਸਭਾ ਚੋਣਾਂ 'ਚ ਮਿਲਣਗੇ ਪਰ ਜਦੋਂ ਤੋਂ ਸਰਕਾਰ ਬਣੀ ਹੈ, ਉਦੋਂ ਤੋਂ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਜਾਰੀ ਹੈ। ਬਾਦਲ ਦੇ ਮੰਤਰੀ ਹੁੰਦੇ ਥਰਮਲ ਕਰਮੀ, ਆਂਗਨਵਾੜੀ ਵਰਕਰ, ਕਿਸਾਨ ਯੂਨੀਅਨ, ਮਜਦੂਰ ਯੂਨੀਅਨ ਤੇ ਹੋਰ ਸੰਗਠਨ ਬਠਿੰਡਾ 'ਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਜਦ ਕਿ ਵਿੱਤ ਮੰਤਰੀ ਰੁਝੇਵਿਆਂ ਆਮ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਰਹਿ ਰਹੇ ਹਨ, ਜਦ ਕਿ ਕਾਂਗਰਸੀ ਵਰਕਰ ਵੀ ਉਮੀਦ ਮੁਤਾਬਕ ਸੁਵਿਧਾਵਾਂ ਲੈਣ 'ਚ ਕਾਮਯਾਬ ਨਹੀਂ ਹੋ ਸਕੇ। ਨਤੀਜੇ ਵਜੋਂ ਮਨਪ੍ਰੀਤ ਸਿੰਘ ਬਾਦ ਕਾਂਗਰਸ ਲਈ ਉਹ ਕੁਝ ਨਹੀਂ ਕਰ ਸਕੇ, ਜਿਸ ਨਾਲ ਕਾਂਗਰਸ ਮਾਲਵਾ 'ਚ ਮਜ਼ਬੂਤ ਹੋ ਸਕਦੀ। ਇਸ ਤੋਂ ਲੱਗ ਰਿਹਾ ਹੈ ਕਿ ਵਿੱਤ ਮੰਤਰੀ ਦਾ ਬੋਝ ਘੱਟ ਕਰਨ ਲਈ ਜਿਸ ਨੂੰ ਤਾਕਤ ਵੰਡਣਾ ਵੀ ਕਿਹਾ ਜਾ ਸਕਦਾ ਹੈ। ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਬਣਾਇਆ ਗਿਆ ਹੈ। ਕਾਂਗੜ ਦੇ ਮੰਤਰੀ ਬਣਨ ਨਾਲ ਕਾਂਗਰਸ, 'ਆਪ' ਤੇ ਅਕਾਲੀ ਦਲ ਦਾ ਦਬਦਬਾ ਘੱਟ ਕਰ ਕੇ ਖੁਦ ਨੂੰ ਮਜ਼ਬੂਤ ਕਰ ਸਕੇਗੀ। ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਹਨ। ਕਾਂਗੜ ਦੇ ਮੰਤਰੀ ਬਣਨ ਨਾਲ ਕਾਂਗਰਸ ਨੂੰ ਹਲਕਾ ਬਠਿੰਡਾ ਤੇ ਹਲਕਾ ਫਰੀਦਕੋਟ 'ਚ ਵੀ ਲਾਭ ਮਿਲ ਸਕਦਾ ਹੈ ਕਿਉਂਕਿ ਹਲਕਾ ਫੂਲ ਜ਼ਿਲਾ ਬਠਿੰਡਾ ਦਾ ਹਿੱਸਾ ਹੈ, ਜਦ ਕਿ ਹਲਕਾ ਫਰੀਦਕੋਟ ਦਾ ਹਿੱਸਾ ਵੀ ਹੈ।