ਬਲਾਤਕਾਰੀ ਰਾਮ ਰਹੀਮ ਦੇ ਜੇਲ ਜਾਣ ਪਿੱਛੋਂ ਹੋ ਰਹੇ ਨਿੱਤ ਨਵੇਂ ਖੁਲਾਸੇ, ਹੁਣ ਡੇਰੇ ''ਚੋਂ ਮਿਲਿਆ ਹਥਿਆਰਾਂ ਦਾ ਜ਼ਖੀਰਾ! (

09/04/2017 7:45:48 PM

ਚੰਡੀਗੜ੍ਹ\ਸਿਰਸਾ (ਸਤਨਾਮ ਸਿੰਘ) : ਬਲਾਤਕਾਰੀ ਰਾਮ ਰਹੀਮ ਤਾਂ ਜੇਲ ਪਹੁੰਚ ਗਿਆ ਹੈ ਪਰ ਉਸ ਦੇ ਡੇਰੇ 'ਚੋਂ ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਗੱਲ ਦਾ ਖੁਲਾਸਾ ਹੁੰਦਾ ਹੈ। ਡੇਰੇ 'ਚੋਂ ਲਗਾਤਾਰ ਅੱਗ ਉਗਲਣ ਵਾਲੇ ਹਥਿਆਰ ਨਿਕਲ ਰਹੇ ਸਨ। ਡੇਰਾ ਸੱਚਾ ਸੌਦਾ ਨੇ ਹੁਣ ਖੁਦ ਅੱਗੇ ਆ ਕੇ ਪੁਲਸ ਨੂੰ ਹਥਿਆਰਾਂ ਦਾ ਵੱਡਾ ਜ਼ਖੀਰਾਂ ਸਰੰਡਰ ਕਰ ਦਿੱਤਾ ਹੈ। ਇਹ ਹਥਿਆਰ ਉਨ੍ਹਾਂ ਲੋਕਾਂ ਨੇ ਸਿਰਸਾ ਦੇ ਸਦਰ ਥਾਣੇ 'ਚ ਸਰੰਡਰ ਕੀਤੇ ਹਨ, ਜੋ ਬਲਾਤਕਾਰੀ ਡੇਰਾ ਮੁਖੀ ਲਈ ਮਰਨ-ਮਾਰਨ 'ਤੇ ਉਤਾਰੂ ਹੋ ਗਏ ਸਨ, ਹਾਲਾਂਕਿ ਡੇਰੇ ਤੋਂ ਹੁਣ ਤੱਕ ਪੁਲਸ ਨੂੰ 33 ਹਥਿਆਰ ਜਮਾਂ ਕਰਵਾਏ ਗਏ ਹਨ ਪਰ ਡੇਰੇ 'ਚ ਰਹਿਣ ਵਾਲੇ ਪ੍ਰੇਮੀਆਂ ਦੇ ਕੋਲ ਅਜੇ ਵੀ 34 ਲਾਈਸੰਸੀ ਹਥਿਆਰ ਮੌਜੂਦ ਹਨ, ਜਿਨ੍ਹਾਂ ਨੂੰ ਜਮਾਂ ਕਰਵਾਉਣ ਲਈ ਪੁਲਸ ਡੇਰੇ 'ਤੇ ਲਗਾਤਾਰ ਦਬਾਅ ਬਣਾ ਰਹੀ ਹੈ।
ਸਿਰਸਾ ਡੇਰਾ ਸੱਚਾ ਸੌਦਾ ਨਾਲ ਜੁੜੇ ਸਾਰੇ ਡੇਰੇ ਅਤੇ ਨਾਮ ਚਰਚਾ ਘਰਾਂ ਨੂੰ ਪੁਲਸ ਨੇ ਖੰਗਾਲ ਲਿਆ ਹੈ। ਜ਼ਿਆਦਾਤਰ ਨਾਮ ਚਰਚਾ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਪੁਲਸ ਡੇਰਾ ਸੱਚਾ ਸੌਦਾ ਦੇ ਅੰਦਰ ਨਹੀਂ ਜਾ ਸਕੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਹਥਿਆਰ ਲਾਈਸੰਸੀ ਹਨ। ਡੇਰੇ 'ਚ ਹੁਣ ਵੀ 34 ਲਾਈਸੰਸੀ ਹਥਿਆਰ ਹਨ ਅਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਡੇਰੇ 'ਚ ਨਜਾਇਜ਼ ਹਥਿਆਰ ਵੀ ਹੋ ਸਕਦੇ ਹਨ।