ਮਾਮਲਾ ਖੇਤਾਂ ''ਚੋਂ ਮਿਲੀ ਲਾਸ਼ ਦਾ, ਗੁਰਮੀਤ ਦੇ ਸਾਮਾਨ ''ਚੋਂ ਮਿਲੀਆਂ ਕਰਜ਼ੇ ਦੀਆਂ ਪਰਚੀਆਂ

09/24/2017 3:31:51 PM

ਬੰਗਾ(ਭਟੋਆ)— ਪਿਛਲੇ ਦਿਨੀਂ ਪਿੰਡ ਖਾਨਪੁਰ ਦੇ ਇਕ ਕਮਾਦ ਦੇ ਖੇਤ 'ਚ ਮਿਲੀ ਗੁਰਮੀਤ ਰਾਮ ਦੀ ਲਾਸ਼ ਤੋਂ ਬਾਅਦ ਉਸ ਦੇ ਕਮਰੇ 'ਚੋਂ ਮਿਲੇ ਸਾਮਾਨ ਨੇ ਕਈ ਸਵਾਲ ਪੈਦਾ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਗੁਰਮੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਸਕਾਰ ਮਗਰੋਂ ਜਦੋਂ ਉਸ ਦੇ ਕਮਰੇ ਦੀ ਛਾਣਬੀਣ ਕੀਤੀ ਤਾਂ ਉਸ ਦੇ ਸਾਮਾਨ 'ਚੋਂ ਬੈਂਕਾਂ ਦੇ ਕਰਜ਼ੇ ਦੀਆਂ ਕੁਝ ਕਾਪੀਆਂ ਤੇ ਰਸੀਦਾਂ ਮਿਲੀਆਂ, ਜਿਨ੍ਹਾਂ 'ਚ ਗੁਰਮੀਤ ਦੋ ਸਰਕਾਰੀ ਬੈਂਕਾਂ, ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਅਤੇ ਇਕ ਗੋਲਡ ਲੋਨ ਦੇਣ ਵਾਲੀ ਕੰਪਨੀ ਦਾ ਕਰਜ਼ਾਈ ਸੀ। ਇਨ੍ਹਾਂ ਸਭ ਪਰਚੀਆਂ ਤੋਂ ਇਕ ਅਨੁਮਾਨ ਮੁਤਾਬਕ ਗੁਰਮੀਤ ਸਵਾ ਲੱਖ ਰੁਪਏ ਦਾ ਕਰਜ਼ਾਈ ਸੀ। ਇਨ੍ਹਾਂ ਬੈਂਕਾਂ ਦੀ ਡਿਟੇਲ ਦੇਖਣ 'ਤੇ ਇਹ ਵੀ ਪਤਾ ਲੱਗਾ ਕਿ ਉਸ ਦੀ ਕਰਜ਼ੇ ਦੀ ਕਿਸ਼ਤ ਕਾਫੀ ਲੇਟ ਜਾਂਦੀ ਸੀ ਤੇ ਕਈ ਵਾਰ ਤਾਂ ਕਈ ਮਹੀਨਿਆਂ ਬਾਅਦ ਜਾਂਦੀ ਸੀ।
ਉਧਰ, ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਗੁਰਮੀਤ ਕੁਝ ਮਹੀਨਿਆਂ ਤੋਂ ਚਿੰਤਾ 'ਚ ਡੁੱਬਿਆ ਨਜ਼ਰ ਆਉਂਦਾ ਸੀ ਪਰ ਜਦੋਂ ਉਸ ਨੂੰ ਪੁੱਛਦੇ ਤਾਂ ਉਹ ਟਾਲ ਜਾਂਦਾ ਸੀ। ਪਿੰਡ ਦੇ ਪੰਚਾਇਤ ਮੈਂਬਰ ਹਰਨਾਮ ਦਾਸ ਅਤੇ ਮਾਸਟਰ ਲਛਮਣ ਦਾਸ ਨੇ ਦੱਸਿਆ ਕਿ ਗੁਰਮੀਤ ਪਹਿਲਾਂ ਮਾੜੀ-ਮੋਟੀ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ, ਜਿਸ ਵਿਚ ਘਾਟਾ ਪੈ ਗਿਆ, ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਆਪਣਾ ਘਰ ਵੇਚਣਾ ਪਿਆ। ਫਿਰ ਉਹ ਰੇਤਾ ਦੀ ਢੋਆ-ਢੁਆਈ ਕਰਨ ਲੱਗ ਪਿਆ। ਬਾਅਦ 'ਚ ਰੇਤਾ ਦਾ ਪਿੱਛਿਓਂ ਕੰਮ ਬੰਦ ਹੋ ਗਿਆ, ਜਿਸ ਕਾਰਨ ਗੁਰਮੀਤ ਦਾ ਜਿੱਥੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਿਲ ਹੋ ਗਿਆ, ਉਥੇ ਹੀ ਉਸ ਦੇ ਕਰਜ਼ੇ ਦੀਆਂ ਕਿਸ਼ਤਾਂ ਵੀ ਟੁੱਟਣ ਲੱਗ ਪਈਆਂ। ਇਸੇ ਦੌਰਾਨ ਉਹ ਇਕ ਦਿਨ ਤੜਕੇ ਘਰੋਂ ਚਲਾ ਗਿਆ, ਜਿਸ ਤੋਂ ਕਈ ਦਿਨਾਂ ਬਾਅਦ ਉਸ ਦੀ ਗਲੀ-ਸੜੀ ਲਾਸ਼ ਪਿੰਡ ਦੇ ਇਕ ਕਮਾਦ ਦੇ ਖੇਤ 'ਚੋਂ ਮਿਲੀ।
ਫਿਲਹਾਲ ਗੁਰਮੀਤ ਦੀ ਮੌਤ ਦੇ ਸਹੀ ਕਾਰਨ ਦਾ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਪਰ ਪਿੰਡ ਵਾਲਿਆਂ ਦਾ ਕਿਆਸ ਹੈ ਕਿ ਕਰਜ਼ੇ ਦੇ ਬੋਝ ਤੋਂ ਦੁਖੀ ਗੁਰਮੀਤ ਨੇ ਜ਼ਰੂਰ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ। ਪਿੰਡ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਮਦਦ ਦੇਣ ਦੀ ਵੀ ਮੰਗ ਕੀਤੀ।