ਗੁਰਮੰਗਤਪਾਲ ਦੀ ਮੌਤ ਨੇ ਇਕ ਹੋਰ ਪਰਿਵਾਰ ਦੇ ਦਰਦ ਨੂੰ ਕੀਤਾ ਤਾਜ਼ਾ

02/16/2018 1:21:19 AM

ਟਾਂਡਾ ਉੜਮੁੜ, (ਪੰਡਿਤ)- ਟਾਂਡਾ ਦੇ ਪਿੰਡ ਜਹੂਰਾ ਵਿਚ ਨਸ਼ੇ ਵਾਲੇ ਪਾਊਡਰ ਦੀ ਓਵਰਡੋਜ਼ ਦੇ ਕੇ ਮਾਰੇ ਗਏ ਨੌਜਵਾਨ ਗੁਰਮੰਗਤਪਾਲ ਸਿੰਘ ਦੀ ਮੌਤ ਨੇ ਪਿੰਡ ਦੇ ਹੀ ਇਕ ਹੋਰ ਪਰਿਵਾਰ ਦਾ ਦਰਦ ਤਾਜ਼ਾ ਕਰ ਦਿੱਤਾ ਜਿਸ ਪਰਿਵਾਰ ਦੇ 15 ਵਰ੍ਹਿਆਂ ਦੇ ਪੁੱਤਰ ਨੂੰ ਵੀ ਇਹੋ ਜਿਹੇ ਹਾਲਾਤ ਨਿਗਲ ਗਏ ਸਨ। 
ਪਿੰਡ ਨਿਵਾਸੀ ਪਰਮਜੀਤ ਸਿੰਘ ਅਤੇ ਅਮਰਜੀਤ ਕੌਰ ਦੇ ਪੁੱਤਰ ਲਵਪ੍ਰੀਤ ਸਿੰਘ ਦੀ ਲਾਸ਼ 5 ਜਨਵਰੀ, 2016 ਨੂੰ ਪਿੰਡ ਦੇ ਕਮਿਊਨਿਟੀ ਹਾਲ ਦੇ ਬਾਥਰੂਮ ਵਿਚੋਂ ਮਿਲੀ ਸੀ। ਉਸ ਦੀ ਮੌਤ ਵੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ। ਉਸ ਸਮੇਂ ਲਵਪ੍ਰੀਤ ਦੇ ਦਾਦਾ ਬਚਿੱਤਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੋਤਰੇ ਨੂੰ ਪਿੰਡ ਦੇ ਹੀ ਨੌਜਵਾਨਾਂ ਹੈਪੀ, ਲੱਕੀ, ਰਵੀ, ਟੀਟਾ ਅਤੇ ਬੱਗਾ ਨੇ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਹੈ ਜਿਸ ਦੇ ਬਾਅਦ ਟਾਂਡਾ ਪੁਲਸ ਨੇ ਉਕਤ ਨੌਜਵਾਨਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਨੇ ਲਵਪ੍ਰੀਤ ਦੇ ਪੋਸਟਮਾਰਟਮ ਦੀ ਮੈਡੀਕਲ ਰਿਪੋਰਟ ਨੂੰ ਆਧਾਰ ਬਣਾ ਕੇ ਮਾਮਲਾ ਖ਼ਾਰਜ ਕਰ ਦਿੱਤਾ ਸੀ। 
ਹੁਣ 2 ਸਾਲ ਬਾਅਦ ਨਸ਼ੇ ਦੀ ਓਵਰਡੋਜ਼ ਨੇ ਉਸ ਨੌਜਵਾਨ ਨੂੰ ਨਿਗਲਿਆ ਜੋ ਇਸ ਦੀ ਦਲਦਲ ਵਿਚੋਂ ਨਿਕਲ ਚੁੱਕਾ ਸੀ। ਪਿੰਡ ਦਾ ਇਕ ਹੋਰ ਚਿਰਾਗ ਬੁਝਾਉਣ ਵਾਲੇ ਲੋਕਾਂ ਵਿਚੋਂ ਇਕ ਦੋਸ਼ੀ ਟੀਟਾ ਉਹੀ ਹੈ ਜਿਸ ਦੇ ਖਿਲਾਫ ਲਵਪ੍ਰੀਤ ਨੂੰ ਵੀ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦਾ ਦੋਸ਼ ਸੀ। ਟੀਟਾ ਅਤੇ ਉਸ ਦਾ ਭਰਾ ਪਹਿਲਾਂ ਖ਼ਾਰਜ ਹੋਏ ਮਾਮਲੇ ਵਿਚ ਨਾਮਜ਼ਦ ਸਨ।

2 ਸਾਲ ਪਹਿਲਾਂ ਆਪਣਾ ਲਖਤੇ ਜਿਗਰ ਗਵਾਉਣ ਵਾਲੀ ਮਾਤਾ ਅਮਰਜੀਤ ਕੌਰ ਅਤੇ ਪਿਤਾ ਪਰਮਜੀਤ ਸਿੰਘ ਦਰਦ ਅਤੇ ਹੰਝੂਆਂ ਭਰੀਆਂ ਅੱਖਾਂ ਨਾਲ ਬੇਟੇ ਦੀ ਤਸਵੀਰ ਨੂੰ ਹਿੱਕ ਨਾਲ ਲਾਉਂਦੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਦੁਨੀਆ ਉਜਾੜੀ ਸੀ ਜੇਕਰ ਪੁਲਸ ਉਨ੍ਹਾਂ ਖਿਲਾਫ ਈਮਾਨਦਾਰੀ ਨਾਲ ਸਖਤ ਕਾਰਵਾਈ ਕਰਦੀ ਤਾਂ ਨਸ਼ੇ ਦੀ ਅੱਗ ਘੱਟੋ-ਘੱਟ ਪਿੰਡ ਵਿਚ ਫੈਲਣ ਤੋਂ ਰੁਕਦੀ। ਉਨ੍ਹਾਂ ਇਸ ਗੱਲ ਦਾ ਰੋਸ ਜਤਾਇਆ ਕਿ ਉਨ੍ਹਾਂ ਨੂੰ ਪੁਲਸ ਵੱਲੋਂ ਇਨਸਾਫ਼ ਨਹੀਂ ਮਿਲਿਆ।
ਗੁਰਮੰਗਤਪਾਲ ਦੇ ਪਰਿਵਾਰ ਨੇ ਕੀਤੀ ਦੋਸ਼ੀਆਂ ਨੂੰ ਜਲਦ ਫੜਨ ਦੀ ਮੰਗ : ਪੰਜ ਭੈਣਾਂ ਦੇ ਇਕਲੌਤੇ ਭਰਾ ਗੁਰਮੰਗਤਪਾਲ ਦਾ ਅੱਜ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਗੋਦ ਵਿਚ 8 ਮਹੀਨਿਆਂ ਦੀ ਬੇਟੀ ਲੈ ਕੇ ਬੈਠੀ ਗੁਰਮੰਗਤਪਾਲ ਦੀ ਪਤਨੀ ਤਲਵਿੰਦਰ ਕੌਰ, ਭੈਣਾਂ ਮਨਜੀਤ ਕੌਰ, ਹਰਮਿੰਦਰ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ ਅਤੇ ਕੁਲਵਿੰਦਰ ਕੌਰ ਅਤੇ ਪਿਤਾ ਰਣਜੀਤ ਸਿੰਘ ਨੇ ਰੋਂਦੇ ਕੁਰਲਾਉਂਦੇ ਕਿਹਾ ਕਿ ਸਾਡਾ ਘਰ ਉਜਾੜਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇ ਤਾਂ ਕਿ ਕਿਸੇ ਹੋਰ ਦੇ ਘਰ ਅੱਗ ਨਾ ਲੱਗੇ। ਉਨ੍ਹਾਂ ਦੱਸਿਆ ਕੇ ਗੁਰਮੰਗਤਪਾਲ ਨੇ ਬਹਾਦਰੀ ਨਾਲ ਨਸ਼ੇ ਦੀ ਦਲਦਲ ਵਿਚੋਂ ਨਿਕਲ ਕੇ ਪੈਟਰੋਲ ਪੰਪ 'ਤੇ ਕੰਮ ਕਰ ਰਿਹਾ ਸੀ ਪਰ ਉਸ ਨੂੰ ਜ਼ਬਰਦਸਤੀ ਨਸ਼ੇ ਦਾ ਜ਼ਹਿਰ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਕੀ ਕਹਿੰਦੇ ਨੇ ਲੋਕ? : ਸਰਕਾਰ ਦੀ ਨਸ਼ੇ ਖਿਲਾਫ ਸਖਤੀ ਦੇ ਦਾਅਵਿਆਂ ਦੇ ਉਲਟ ਅਜੇ ਵੀ ਇਲਾਕੇ ਦੇ ਕਈ ਪਿੰਡਾਂ ਵਿਚ ਨਸ਼ੇ ਦਾ ਧੰਦਾ ਚੱਲ ਰਿਹਾ ਹੈ। ਟਾਂਡਾ ਪੁਲਸ ਨੇ ਪਿਛਲੇ ਸਾਲ ਐੱਨ. ਡੀ. ਪੀ. ਐੱਸ. ਐਕਟ ਦੇ ਲਗਭਗ 43 ਮਾਮਲੇ ਅਤੇ ਇਸ ਸਾਲ ਚਾਰ ਮਾਮਲੇ ਜ਼ਰੂਰ ਦਰਜ ਕੀਤੇ ਹਨ ਪਰ ਇਸ ਦੇ ਬਾਵਜੂਦ ਪੁਲਸ ਨਸ਼ਾ ਸਪਲਾਈ ਦਾ ਨੈੱਟਵਰਕ ਤੋੜਨ ਵਿਚ ਸਫਲ ਨਹੀਂ ਹੀ ਸਕੀ।