ਗੁਰਜੰਟ ਸਿੰਘ ਦੇ ਹੱਕ ''ਚ ਉਤਰਿਆ ਸ੍ਰੀ ਅਕਾਲ ਤਖਤ ਸਾਹਿਬ (ਵੀਡੀਓ)

05/26/2018 6:59:55 PM

ਅੰਮ੍ਰਿਤਸਰ (ਸੁਮਿਤ) : ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਪੰਜਾਬ 'ਚ ਹੋਏ ਟਾਰਗਿਟ ਕਿਲਿੰਗ ਮਾਮਲਿਆਂ ਵਿਚ ਪੁਲਸ ਨੂੰ ਲੋੜੀਂਦੇ ਗੁਰਜੰਟ ਸਿੰਘ ਦੇ ਹੱਕ ਵਿਚ ਨਿੱਤਰ ਆਏ ਹਨ। ਸ਼ਨੀਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਿਦੇਸ਼ਾਂ ਵਿਚ ਗਏ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ, ਜਿਸ ਕਰਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਪੰਜਾਬ ਪੁਲਸ ਵਲੋਂ ਭਾਈ ਗੁਰਜੰਟ ਸਿੰਘ ਵਾਸੀ ਬਹਿਲੋਲਪੁਰ ਜ਼ਿਲਾ ਲੁਧਿਆਣਾ ਹਾਲ ਵਾਸੀ ਆਸਟ੍ਰੇਲੀਆ ਜੋ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ, ਨੂੰ ਪੁਲਸ ਤੇ ਐੱਨ. ਆਈ. ਏ. ਨੇ ਝੂਠੇ ਕੇਸਾਂ ਵਿਚ ਫਸਾਇਆ ਹੈ। ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਇਸ ਕੇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਗੁਰਜੰਟ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। 
ਜਥੇਦਾਰ ਨੇ ਕਿਹਾ ਕਿ ਗੁਰਜੰਟ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਪਹਿਲਾਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਕਈ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਚੁੱਕਾ ਹੈ। ਜਥੇਦਾਰ ਨੇ ਕਿਹਾ ਕਿ ਗੁਰਜੰਟ ਸਿੰਘ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ ਜਦਕਿ ਉਸ ਦਾ ਦੋਸ਼ ਸਿਰਫ ਇੰਨਾ ਹੈ ਕਿ ਉਹ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਨਾਮ ਹੇਠ ਲੱਚਰ ਗਾਇਕੀ ਤੇ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਵਾਲੇ ਅਨਸਰਾਂ ਖਿਲਾਫ ਸੋਸ਼ਲ ਮੀਡੀਆ 'ਤੇ ਬੋਲਦਾ ਹੈ।